ਬਿਜਲੀ ਸਪਲਾਈ ਗੰਨੇ ਦੀ ਅਦਾਇਗੀ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਆਪ ਸਰਕਾਰ ਨੂੰ ਲਗਾਏ ਖੂਬ ਰਗੜੇ
ਆਪਣੀ ਮਸ਼ਹੂਰੀ ਲਈ ਭਗਵੰਤ ਮਾਨ ਸਰਕਾਰ ਤੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾਉਣ ਦੇ ਲਗਾਏ ਇਲਜ਼ਾਮ
ਗੁਰਦਾਸਪੁਰ, 5 ਮਈ (ਮੰਨਣ ਸੈਣੀ)। ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਵੱਲੋਂ ਬਦਲਾਅ ਦੇ ਕੀਤੇ ਦਾਅਵਿਆਂ ਦਾ ਸੱਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਦੀ ਮਿਸਾਲ ਪੰਜਾਬ ਵਿਚ ਬਿਜਲੀ ਸਪਲਾਈ ਨੂੰ ਲੈ ਕੇ ਮਚੀ ਹਾਹਾਕਾਰ, ਵਧ ਰਹੀ ਸਰਕਾਰੀ ਕਰਜ਼ੇ ਦੀ ਰਫ਼ਤਾਰ,ਨਿਆਂ ਅਤੇ ਕਾਨੂੰਨ ਪ੍ਰਬੰਧ ਦੀਆਂ ਉੱਡ ਰਹੀਆਂ ਧੱਜੀਆਂ ਅਤੇ ਵਧ ਰਹੀ ਮਹਿੰਗਾਈ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਵਲੋਂ ਗੁਰਦਾਸਪੁਰ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਉੱਤੇ ਵਰ੍ਹਦਿਆਂ ਕਿਹਾ ਕਿ ਇਕ ਪਾਸੇ ਬੜੀ ਬੇਕਿਰਕੀ ਨਾਲ ਆਮ ਲੋਕਾਂ ਦਾ ਕੀਮਤੀ ਸਰਮਾਇਆ ਆਪਣੀ ਮਸ਼ਹੂਰੀ ਲਈ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਵਿੱਚ ਫੂਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਇਕ ਪਾਸੇ ਲੋਕਾਂ ਕੋਲੋਂ ਬਜਟ ਵਿਚ ਲੋਕਾਂ ਦੀ ਰਾਏ ਪੁੱਛ ਰਹੇ ਹਨ ਜਦਕਿ ਲੋਕਾਂ ਨੂੰ ਭਲੀਭਾਂਤ ਪਤਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ 2 ਡੰਗ ਦਾ ਆਟਾ ਖ਼ਰੀਦਣ ਜੋਗੇ ਵੀ ਪੈਸੇ ਨਹੀਂ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਕੋਲ ਲੋਕਾਂ ਨੂੰ ਸਹੂਲਤਾਂ ਦੇਣ ਲਈ ਪੈਸੇ ਹੀ ਨਹੀਂ ਹਨ ਤਾਂ ਇਨ੍ਹਾਂ ਇਸ਼ਤਿਹਾਰਬਾਜ਼ੀਆਂ ਦਾ ਕੀ ਮੁੱਲ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਸਰਕਾਰ 45 ਦਿਨਾਂ ਵਿੱਚ ਹੀ ਸੱਤ ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਕੇ ਪੰਜਾਬੀਆਂ ਸਿਰ ਕਰਜ਼ੇ ਦੀ ਪੰਡ ਨੂੰ ਹੋਰ ਭਾਰੀ ਕੀਤਾ ਹੈ। ਕਾਨੂੰਨ ਦੀ ਵਿਵਸਥਾ ਉੱਤੇ ਵਰ੍ਹਦਿਆਂ ਉਹਨਾਂ ਨੇ ਕਿਹਾ ਕਿ ਹੁਣ ਤੱਕ 60 ਦੇ ਕਰੀਬ ਲੋਕਾਂ ਦੇ ਪੰਜਾਬ ਵਿੱਚ ਵੱਖ ਵੱਖ ਘਟਨਾਵਾਂ ਅਤੇ ਵਾਰਦਾਤਾਂ ਵਿੱਚ ਕਤਲ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਪੰਜਾਬ ਦੀ ਪੁਲੀਸ ਨੂੰ ਬਾਹਰਲੇ ਸੂਬਿਆਂ ਵਿਚ ਆਪਣੀਆਂ ਸਿਆਸੀ ਕਿੜਾਂ ਕੱਢਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਚੋਣਾਂ ਵਿੱਚ ਨਕਾਰੇ ਹੋਏ ਲੋਕ ਸਿਆਸੀ ਰੁਤਬਿਆਂ ਲਈ ਸਰਕਾਰੀ ਅਧਿਕਾਰੀਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਬੇਲੋੜੀ ਅਤੇ ਗ਼ੈਰਕਾਨੂੰਨੀ ਦਖ਼ਲਅੰਦਾਜ਼ੀ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ 800 ਕਰੋੜ ਰੁਪਏ ਦੀ ਗੰਨੇ ਦੀ ਅਦਾਇਗੀ ਕਰਵਾਉਣ ਵਿੱਚ ਵੀ ਅਸਫ਼ਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਵੱਲੋਂ ਕਾਨੂੰਨੀ ਅਤੇ ਸੰਵਿਧਾਨਕ ਤੌਰ ਤੇ ਪੰਚਾਇਤਾਂ ਅਤੇ ਪਿੰਡਾਂ ਸ਼ਹਿਰਾਂ ਦੇ ਲਈ ਆਏ ਵਿਕਾਸ ਰਾਸ਼ੀਆਂ ਉੱਪਰ ਵੀ ਗ਼ੈਰਕਾਨੂੰਨੀ ਰੋਕ ਲਗਾ ਕੇ ਪੰਜਾਬ ਦੇ ਵਿਕਾਸ ਵਿੱਚ ਬੇਲੋੜਾ ਦਖ਼ਲ ਦਿੱਤਾ ਹੈ। ਬਿਜਲੀ ਸਪਲਾਈ ਉਤੇ ਆਪ ਸਰਕਾਰ ਖ਼ਿਲਾਫ਼ ਬੋਲਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਖੇਤੀ ਅਤੇ ਆਮ ਲੋਕਾਂ ਨੂੰ ਬਣਦੀ ਬਿਜਲੀ ਮੁਹੱਈਆ ਕਰਵਾਉਣਾ ਕਰਵਾਉਣ ਵਿੱਚ ਸਫ਼ਲ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਹੈ ਜਦੋਂ ਕਿ ਟਿਊਬਵੈੱਲਾਂ ਲਈ ਬਿਜਲੀ ਦੀ ਨਾਮਾਤਰ ਸਪਲਾਈ ਹੈ ਤਾਂ ਵੀ ਪਿੰਡਾਂ ਵਿੱਚ ਦੋ ਤੋਂ ਚਾਰ ਘੰਟੇ ਬਿਜਲੀ ਹੀ ਆ ਰਹੀ ਹੈ। ਜਦੋਂਕਿ ਕੇਜਰੀਵਾਲ ਸਾਹਿਬ ਵੱਲੋਂ 24 ਘੰਟੇ ਬਿਜਲੀ ਦੇਣ ਦਾ ਦਾਅਵਾ ਪੰਜਾਬੀਆਂ ਨਾਲ ਕਰਕੇ ਗਏ ਸਨ। ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਕਾਂਗਰਸ ਪ੍ਰਧਾਨ ਦਰਸ਼ਨ ਮਹਾਜਨ ਪੰਜਾਬ ਲੇਬਰ ਸੈੱਲ ਦੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਠੇਕੇਦਾਰ ਭੁਪਿੰਦਰ ਸਿੰਘ ਚੇਅਰਮੈਨ ਜਸਬੀਰ ਸਿੰਘ ਢੀਂਡਸਾ ਸਾਬਕਾ ਨੀਰਜ ਸਲੋਟਰਾ ਚੇਅਰਮੈਨ ਗੁਰਮੀਤ ਸਿੰਘ ਪਸਵਾਲ ਪ੍ਰਦੀਪ ਸੱਚਰ ਸੱਜਣ ਸਿੰਘ ਧੰਦਲ ਜਗਬੀਰ ਸਿੰਘ ਚਾਹਲ ਸਮੇਤ ਹੋਰ ਵੀ ਵਿਸ਼ੇਸ਼ ਕਾਂਗਰਸੀ ਆਗੂ ਹਾਜ਼ਰ ਸਨ ।