ਦੋ ਵਾਰ ਸੂਚਣਾ ਦੇਣ ਤੋਂ ਬਾਅਦ ਵੀ ਨਹੀਂ ਪਹੁੰਚੇ ਅਧਿਕਾਰੀ, ਲੋਕਤੰਤਰਿਕ ਅਧਿਕਾਰ ਖੇਤਰ ਵਿਚ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਪਾਈ ਅੜਚਣ- ਬਾਜਵਾ
ਗੁਰਦਾਸਪੁਰ, 5 ਮਈ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਦੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਹਨਾਂ ਨੂੰ ਲੋਕਤੰਤਰਿਕ ਅਧਿਕਾਰ ਖੇਤਰ ਵਿਚ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅੜਚਣ ਪਾਉਣ ਸੰਬੰਧੀ ਜ਼ਿਲਾ ਗੁਰਦਾਸਪੁਰ ਦੇ ਕਈ ਵਿਭਾਗਾਂ ਦੇ ਅਧਿਕਾਰੀਆਂ ਖਿਲਾਫ਼ ਪੰਜਾਬ ਦੇ ਸਪੀਕਰ ਨੂੰ ਵਿਸ਼ੇਸ਼ ਅਧਿਕਾਰ ਹਨਣ ਹੋਣ ਸੰਬੰਧੀ ਸ਼ਿਕਾਇਤ ਭੇਜੀ ਗਈ ਹੈ। ਬਾਜਵਾ ਦਾ ਕਹਿਣਾ ਹੈ ਕਿ ਨਿਯਮਾਂ ਨੂੰ ਅਖਾਂ ਪਰੋਖੇ ਕਰਦੇ ਹੋਏ ਅਫਸਰਾਂ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਬੁਲਾਈ ਗਈ ਮੀਟਿੰਗ ਵਿੱਚ ਹਾਜ਼ਰ ਹੋਣਾ ਜਰੂਰੀ ਨਹੀਂ ਸਮਝਿਆਂ ਗਿਆ ਸੀ। ਪ੍ਰਤਾਪ ਸਿੰਘ ਬਾਜਵਾ ਵੱਲੋਂ ਸਪੀਕਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਰਜ-ਪ੍ਰਣਾਲੀ ਅਤੇ ਵਿਹਾਰ ਦੇ ਨਿਯਮ 235 (1) ਦੇ ਅਧੀਨ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਹਿੱਤ ਭੇਜਣ ਦੀ ਬੇਨਤੀ ਕੀਤੀ ਗਈ ਹੈ। ਬਾਜਵਾ ਵੱਲੋਂ ਇਹ ਜਾਣਕਾਰੀ ਗੁਰਦਾਸਪੁਰ ਵਿੱਚ ਕੀਤੀ ਗਈ ਪ੍ਰੈਸ ਕਾਂਨਫ਼ਰੰਸ ਵਿੱਚ ਦਿੱਤੀ ਗਈ।
ਬਾਜਵਾ ਵੱਲੋਂ ਦੱਸਿਆ ਗਿਆ ਕਿ 4 ਮਈ ਬੁੱਧਵਾਰ ਨੂੰ ਉਨ੍ਹਾਂ ਨੇ ਪੰਚਾਇਤ ਸੰਮਤੀ ਧਾਰੀਵਾਲ ਵਿਖੇ ਵਿਕਾਸ ਕਾਰਜਾਂ ਨੂੰ ਲੈ ਕੇ 11 ਵਜੇ ਇਕ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਦੇ ਵਿੱਚ ਦਫਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਲੋਕ ਨਿਰਮਾਣ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੂਚਿਤ ਕੀਤਾ ਸੀ। ਜਿਸ ਸੰਬੰਧੀ ਉਨ੍ਹਾਂ ਦੇ ਦਫਤਰ ਵੱਲੋਂ ਬਕਾਇਦਾ ਤੌਰ ਤੇ 28 ਅਪ੍ਰੈਲ ਨੂੰ ਸਮੇਂ ਸਿਰ ਇਨ੍ਹਾਂ ਅਧਿਕਾਰੀਆਂ ਨੂੰ ਸਾਮਲ ਹੋਣਗੇ ਹੋਣ ਦੀ ਸੂਚਨਾ ਦਿੱਤੀ ਗਈ। ਜਿਹਨਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਉਹਨਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰ ਪਾਲ ਸੰਧੂ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਦੀਪ ਮਲਹੋਤਰਾ, ਕਾਰਜਕਾਰੀ ਇੰਜੀਨੀਅਰ (ਪੰਚਾਇਤੀ ਰਾਜ) ਸੁਖਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਭਤੇਮ) ਬਟਾਲਾ ਹਰਜੋਤ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਧਾਰੀਵਾਲ ਮਿਸ ਕਰਨਦੀਪ ਕੌਰ ਸ਼ਾਮਿਲ ਸਨ।
ਮੀਟਿੰਗ ਸੰਬੰਧੀ 3 ਮਈ ਦੀ ਸ਼ਾਮ ਨੂੰ ਉਹ ਚੰਡੀਗੜ੍ਹ ਤੋਂ ਕਾਦੀਆਂ ਵਿਖੇ ਪਹੁੰਚ ਗਏ ਅਤੇ ਅਗਲੇ ਦਿਨ 4 ਮਈ ਨੂੰ ਸਵੇਰੇ 11.15 ਵਜੇ ਪਹੁੰਚ ਕੇ ਪਤਾ ਚਲਿਆ ਕਿ ਹਰਜੋਤ ਸਿੰਘ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਤੋਂ ਇਲਾਵਾ ਕੋਈ ਵੀ ਅਧਿਕਾਰੀ ਮੀਟਿੰਗ ਵਿੱਚ ਹਾਜਰ ਨਹੀਂ ਹੋਇਆ। ਇਸ ਉਪਰਾਂਤ ਉਹਨਾਂ ਦੇ ਵਿਸ਼ੇਸ਼ ਸਹਾਇਕ ਵੱਲੋਂ 11.45 ਮਿੰਟ ਤੇ ਦੂਬਾਰਾ ਫੋਨ ਕਰ ਹਾਜ਼ਰ ਹੋਣ ਦੀ ਬੇਨਤੀ ਕੀਤੀ ਗਈ ਪਰ ਬਿਨਾਂ ਕਾਰਨ ਦੱਸੇ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ। ਜਦਕਿ ਹਾਜ਼ਰ ਸੰਮਤੀ ਦੇ ਮੈਂਬਰਾਂ ਵੱਲੋਂ 1ਵਜੇ ਬਾਅਦ ਦੁਪਹਿਰ ਤੱਕ ਅਧਿਕਾਰੀਆਂ ਦੀ ਉਡੀਕ ਕੀਤੀ ਗਈ।
ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆਂ ਕੀ ਅਧਿਕਾਰੀਆਂ ਦੇ ਉਪਰੋਕਤ ਵਤੀਰੇ ਕਾਰਨ ਉਹਨਾਂ ਵੱਲੋਂ, ਲੋਕਾਂ ਦੇ ਪ੍ਰਤੀਨਿੱਧੀ ਅਤੇ ਖਾਸ ਕਰਕੇ ਵਿਰੇਧੀ ਧਿਰ ਦੇ ਨੇਤਾ ਵਜੋਂ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਅਤੇ ਲੋਕਤੰਤਰਿਕ ਅਧਿਕਾਰ ਖੇਤਰ ਵਿੱਚ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਅੜਚਣ ਪਾਈ ਗਈ ਹੈ ਅਤੇ ਉਹਨਾਂ ਦੇ ਵਿਸ਼ੇਸ਼ ਅਧਿਕਾਰ ਦਾ ਹਨਣ ਹੋਇਆ ਹੈ।