ਗੁਰਦਾਸਪੁਰ, 4 ਮਈ (ਮੰਨਣ ਸੈਣੀ)। ਜੁਗਾੜੂ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਆਟੋ ਚਾਲਕਾਂ ਨੇ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ। ਇੱਕ ਘੰਟੇ ਤੱਕ ਧਰਨੇ ਕਾਰਨ ਦੋਵਾਂ ਪਾਸਿਆਂ ਤੋਂ ਆਵਾਜਾਈ ਪ੍ਰਭਾਵਿਤ ਹੋਈ। ਇਸ ਮਗਰੋਂ ਧਰਨੇ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਦੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ ਅਤੇ ਮੰਗ ਪੱਤਰ ਵੀ ਸੌਂਪਿਆ ਗਿਆ।
ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ, ਬਲਦੇਵ ਸਿੰਘ, ਮੋਹਨ ਆਦਿ ਨੇ ਦੱਸਿਆ ਕਿ ਜੁਗਾੜੂ ਵਾਹਨਾਂ ਦੇ ਚੱਲਣ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋਣ ਦੇ ਕੰਢੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਡੀ ਚਲਾਉਣ ਲਈ ਸਰਕਾਰ ਨੂੰ ਟੈਕਸ ਅਦਾ ਕਰਦਾ ਹੈ। ਜਦੋਂਕਿ ਜੁਗਾੜੂ ਵਾਹਨ ਚਾਲਕ ਕੋਈ ਟੈਕਸ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਜੁਗਾੜੂ ਗੱਡੀਆਂ ਹੋਂਦ ਵਿੱਚ ਆਈਆਂ ਹਨ, ਉਨ੍ਹਾਂ ਦਾ ਕਾਰੋਬਾਰ ਖ਼ਤਮ ਹੁੰਦਾ ਜਾ ਰਿਹਾ ਹੈ, ਕਿਉਂਕਿ ਜ਼ਿਆਦਾਤਰ ਵਪਾਰੀ ਮਾਲ ਢੋਣ ਲਈ ਇਨ੍ਹਾਂ ਜੁਗਾੜੀ ਵਾਹਨਾਂ ਨੂੰ ਵਧੇਰੇ ਤਰਜੀਹ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਜੁਗਾੜੂ ਗੱਡੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਇਨ੍ਹਾਂ ਵਾਹਨਾਂ ਨੂੰ ਚਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।