ਬ੍ਰਾਹਮਣ ਸਮਾਜ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣਾ ਚਾਹੀਦਾ ਹੈ: ਮਹੰਤ ਭਰਤ ਦਾਸ
ਗੁਰਦਾਸਪੁਰ, 4 ਮਈ ( ਦਿਨੇਸ਼ ਕੁਮਾਰ) ਸਥਾਨਕ ਸ਼੍ਰੀ ਬ੍ਰਾਹਮਣ ਭਵਨ ਵਿਖੇ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਯਸ਼ਪਾਲ ਕੌਸ਼ਲ ਦੀ ਪ੍ਰਧਾਨਗੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਧਿਆਨਪੁਰ ਦੇ ਮਹੰਤ ਭਰਤ ਦਾਸ ਜੀ ਨੇ ਸ਼ਿਰਕਤ ਕੀਤੀ ਜਦਕਿ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਡਾ: ਚਰਨ ਦਾਸ ਸ਼ਾਸਤਰੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਸਭਾ ਦੇ ਮੈਂਬਰਾਂ ਵੱਲੋਂ ਹਵਨ ਯੱਗ ਕਰਕੇ ਝੰਡਾ ਲਹਿਰਾ ਕੇ ਕੀਤੀ ਗਈ।
ਉਪਰੰਤ ਮਹੰਤ ਭਰਤ ਦਾਸ ਜੀ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਮਹੰਤ ਭਾਰਤ ਸੁੰਦਰ ਦਾਸ ਜੀ ਮਹਾਰਾਜ ਨੇ ਕਿਹਾ ਕਿ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਧਰਮ ਦੀ ਰੱਖਿਆ ਲਈ ਅਵਤਾਰ ਧਾਰਿਆ ਅਤੇ ਸਾਨੂੰ ਸਾਰੇ ਬ੍ਰਾਹਮਣ ਸਮਾਜ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣਾਂ ਨੂੰ ਸਨਾਤਨ ਧਰਮ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕਦੇ ਵੀ ਧਰਮ ਵਿਰੁੱਧ ਕੋਈ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਸਮੁੱਚੇ ਭਾਰਤ ਦਾ ਮੁੱਖ ਆਧਾਰ ਬ੍ਰਾਹਮਣਾਂ ਤੋਂ ਸ਼ੁਰੂ ਹੁੰਦਾ ਹੈ। ਇਸ ਮੌਕੇ ਡਾ.ਸੀ.ਡੀ.ਸ਼ਾਸਤਰੀ ਨੇ ਵੀ ਬ੍ਰਾਹਮਣ ਭਾਈਚਾਰੇ ਨਾਲ ਇਕਮੁੱਠ ਹੋ ਕੇ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਨੂੰ ਸਹੀ ਅਰਥਾਂ ਵਿਚ ਉੱਚਾ ਚੁੱਕਿਆ ਜਾ ਸਕੇ। ਇਸ ਮੌਕੇ ਡਾ.ਸੀ.ਡੀ.ਸ਼ਾਸਤਰੀ ਨੇ ਸ਼੍ਰੀ ਬ੍ਰਾਹਮਣ ਸਭਾ ਭਵਨ ਦੇ ਬਾਹਰਲੇ ਹਿੱਸੇ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਵੀ ਰੱਖਿਆ। ਸਮਾਗਮ ਦੌਰਾਨ ਰਾਕੇਸ਼ ਸ਼ਰਮਾ ਵੱਲੋਂ ਸਤਿਸੰਗ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਨਵ-ਨਿਯੁਕਤ ਪੈਟਰਨ ਅਤੇ ਅਜੀਵਨ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅੰਤ ਵਿੱਚ ਮਾਤਾ ਰੇਣੂਕਾ ਦੀ ਯਾਦ ਵਿੱਚ ਭੰਡਾਰਾ ਕਰਵਾਇਆ ਗਿਆ। ਸਮਾਗਮ ਵਿੱਚ ਅਹੁਦੇਦਾਰਾਂ,ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ।