ਪੁਲਿਸ ਨੇ ਕੀਤੇ ਖਾਸ ਪ੍ਰਬੰਧ, ਅਹਿਤਿਆਤ ਵਜੋਂ ਤਿੰਨ ਸ਼ਿਵ ਸੈਨਾ ਆਗੂ ਕੀਤੇ ਹਏ ਨਜ਼ਰਬੰਦ
ਗੁਰਦਾਸਪੁਰ,30 ਅਪ੍ਰੈਲ (ਮੰਨਣ ਸੈਣੀ)। ਪਿਛਲੇ ਦਿਨੀਂ ਪਟਿਆਲਾ ਵਿੱਚ ਦੋ ਧੜਿਆਂ ਵਿੱਚ ਹੋਏ ਤਣਾਵ ਤੋਂ ਬਾਅਦ ਧਾਰੀਵਾਲ ਅਤੇ ਦੀਨਾਨਗਰ ਵਿੱਚ ਕੁਝ ਜੱਥੇਬੰਦਿਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਕੋਈ ਜਿਆਦਾ ਅਸਰ ਨਹੀਂ ਦੇਖਣ ਨੂੰ ਮਿਲਿਆ। ਹਾਲਾਕਿ ਦੀਨਾਨਗਰ ਅੰਦਰ ਇੱਕ ਦੋ ਅੰਦਰੂਨੀ ਬਾਜ਼ਾਰਾਂ ਅੰਦਰ ਦੁਪਹਿਰ 12 ਵਜ਼ੇ ਤੱਕ ਜਰੂਰ ਬੰਦ ਰਿਹਾ, ਪਰ ਜੇ ਸ਼ਹਿਰ ਦੀ ਗੱਲ ਕਰਿਏ ਤਾਂ ਦੁਕਾਨਦਾਰਾਂ ਆਮ ਦਿਨਾਂ ਵਾਂਗ ਹੀ ਸ਼ਾਂਤੀਪੂਰਵਕ ਕਾਰੋਬਾਰ ਕੀਤਾ ਅਤੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੇ ਹਾਮੀ ਬਣਦੇ ਹੋਏ ਆਪਸੀ ਪਿਆਰ ਬਣਾਏ ਰੱਖਣ ਦੀ ਗੱਲ ਕੀਤੀ।
ਇਸ ਦੌਰਾਨ ਪੁਲਿਸ ਵੱਲੋਂ ਹਰ ਹਾਲਾਤਾਂ ਤੇ ਲਗਾਤਾਰ ਨਜ਼ਰ ਬਣਾਏ ਰੱਖੀ ਗਈ ਅਤੇ ਪੂਰੀ ਤਰ੍ਹਾਂ ਚੌਕਸੀ ਵਰਤੀ ਗਈ। ਇਸੇ ਦੌਰਾਨ ਪੁਲੀਸ ਵੱਲੋਂ ਧਾਰੀਵਾਲ ਤੋਂ ਅਹਿਤਿਆਤ ਵਜੋਂ ਸ਼ਿਵ ਸੈਨਾ ਆਗੂ ਰੋਹਿਤ ਮਹਾਜਨ, ਹਨੀ ਮਹਾਜਨ ਅਤੇ ਦੀਨਾਨਗਰ ਤੋਂ ਸੁਰੇਸ਼ ਠਾਕੁਰ ਨੂੰ ਨਜ਼ਰਬੰਦ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਐਸ.ਐਸ.ਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲਾ ਗੁਰਦਾਸਪੁਰ ਅੰਦਰ ਪੂਰੀ ਤਰ੍ਹਾਂ ਅਮਨ ਸ਼ਾਂਤੀ ਰਹੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਚੱਪੇ ਚੱਪੇ ਤੇ ਨਜ਼ਰ ਬਣਾਈ ਰੱਖੀ ਗਈ ਸੀ ਅਤੇ ਸ਼ਹਿਰਾਂ ਅੰਦਰ ਪੇਟ੍ਰੋਲਿੰਗ ਵਧਾਈ ਗਈ ਸੀ।
ਉੱਧਰ ਸ਼ਿਵ ਸੈਨਾ ਆਗੂ ਰੋਹਿਤ ਮਹਾਜਨ ਅਤੇ ਹਨੀ ਮਹਾਜਨ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਦੋਵਾਂ ਆਗੂਆਂ ਨੂੰ ਧਾਰੀਵਾਲ ਪੁਲੀਸ ਪ੍ਰਸ਼ਾਸਨ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਆਗੂਆਂ ਦਾ ਕਹਿਣਾ ਸੀ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਹਨ ਪਰ ਸ਼ਿਵ ਸੈਨਾ ਉਦੋਂ ਤੱਕ ਚੁੱਪ ਨਹੀਂ ਬੈਠੇਗੀ ਜਦੋਂ ਤੱਕ ਮੰਦਰ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰੀਆਂ ਨਹੀਂ ਕੀਤੀਆਂ ਜਾਂਦੀਆਂ।
ਦੱਸਣਯੋਗ ਹੈ ਕਿ ਇਨ੍ਹਾਂ ਆਗੂਆਂ ਨੇ ਸ਼ਨੀਵਾਰ ਨੂੰ ਧਾਰੀਵਾਲ ਬੰਦ ਦਾ ਸੱਦਾ ਦਿੱਤਾ ਸੀ। ਕਿਉਂਕਿ ਕੱਲ੍ਹ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤਾ ਗਿਆ ਸੀ ਅਤੇ ਮੰਦਰ ਦੇ ਬਾਹਰ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਸੀ। ਇਸੇ ਕੜੀ ਤਹਿਤ ਅੱਜ ਧਾਰੀਵਾਲ ਅਤੇ ਦੀਨਾਨਗਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ। ਪਰ ਪੁਲੀਸ ਪ੍ਰਸ਼ਾਸਨ ਨੇ ਅਮਨ-ਕਾਨੂੰਨ ਬਣਾਈ ਰੱਖਣ ਲਈ ਸਵੇਰੇ ਹੀ ਉਸ ਨੂੰ ਗੁਰਦਾਸਪੁਰ ਲਿਆ ਕੇ ਨਜ਼ਰਬੰਦ ਕਰ ਲਿਆ।