ਸਮਾਜ ਦੇ ਇੱਕ ਹਿੱਸੇ ਦਾ ਕਹਿਣਾ ਮੁਫ਼ਤਖੋਰੀ ਨਾ ਵਧਾਵੇ ਸਰਕਾਰ, ਮੁਫ਼ਤ ਬਿਜਲੀ ਨਾਲੋਂ ਜਿਆਦਾ ਸਸਤੀ ਬਿਜਲੀ ਦੇਵੇਂ ਸਰਕਾਰ
ਗੁਰਦਾਸਪੁਰ, 22 ਅਪ੍ਰੈਲ (ਮੰਨਣ ਸੈਣੀ)। ਪੰਜਾਬ ‘ਚ ਲੋਕ ਭਗਵੰਤ ਮਾਨ ਸਰਕਾਰ ਦੀ ਮੁਫਤ ਬਿਜਲੀ ਦੀ ਸ਼ਰਤ ਦਾ ਤੋੜ ਕੱਢਣ ਲਈ ਜੁਗਾੜ ਲਗਾਉਣ ਵਿੱਚ ਕਾਫੀ ਜੱਦੋ ਜਹਿਦ ਕਰਦੇ ਦਿੱਖ ਰਹੇ ਹਨ। ਇਸ ਦੇ ਲਈ ਲੋਕ ਘਰਾਂ ਵਿੱਚ 2 ਮੀਟਰ ਲਗਵਾ ਰਹੇ ਹਨ, ਤਾਂ ਜੋ ਉਨ੍ਹਾਂ ਦਾ ਇੱਕ ਮੀਟਰ ਦਾ ਬਿੱਲ 600 ਯੂਨਿਟ ਤੋਂ ਵੱਧ ਨਾ ਆਵੇ। ਇਸ ਦੇ ਨਾਲ ਹੀ ਘਰਾਂ ਦਾ ਲੋਡ ਘੱਟ ਕਰਨ ਲਈ ਪਾਵਰਕੌਮ ਦੇ ਦਫ਼ਤਰ ਦੇ ਚੱਕਰ ਵੀ ਲਗਾ ਰਹੇ ਹਨ, ਤਾਂ ਜੋ ਮੁਫਤ ਬਿਜਲੀ ਸਕੀਮ ਦਾ ਪੂਰਾ ਲਾਭ ਉਠਾਇਆ ਜਾ ਸਕੇ। ਦਫ਼ਤਰ ਵਿੱਚ ਵਧਦੀ ਭੀੜ ਨੂੰ ਦੇਖ ਕੇ ਮੁਲਾਜ਼ਮ ਵੀ ਹੈਰਾਨ ਹਨ। ਹੁਣ ਉਸ ਨੇ ਇਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਸੀਨੀਅਰ ਅਧਿਕਾਰੀ ਵੀ ਕੋਈ ਹੱਲ ਲੱਭਣ ਦਾ ਯਤਨ ਕਰ ਰਹੇ ਹਨ ਕਿਉਂਕਿ ਹੁਣ ਤੱਕ ਇੱਕ ਘਰ ਵਿੱਚ ਫਲੋਰਵਾਈਜ਼ ਵੱਖ-ਵੱਖ ਮੀਟਰ ਨਾ ਲਗਾਉਣ ਲਈ ਤੇ ਕੋਈ ਪਾਬੰਦੀ ਨਹੀਂ ਹੈ।
ਦੱਸਣਯੋਗ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਨੇ 2 ਮਹੀਨਿਆਂ ‘ਚ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ। ਹਾਲੇ ਇਸ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਖ ਐਲਾਨ ਕਰ ਚੁਕੇ ਹਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦਾ ਕੁਝ ਹੋਰ ਸਪਸ਼ਟੀਕਰਨ ਸਾਹਮਣੇ ਆਇਆ। ਪਰ ਨੋਟੀਫਿਕੇਸ਼ਨ ਵਿੱਚ ਕਿਹੜਾ ਜਿੰਨ ਬਾਹਰ ਆਵੇਗਾ ਇਹ ਹਾਲੇ ਤੱਕ ਭਵਿੱਖ ਦੇ ਗਰਭ ਵਿੱਚ ਹੈ । ਪਰ ਲੋਕਾਂ ਵੱਲੋਂ ਕੋਈ ਨਾ ਕੋਈ ਨਵੀਂ ਸਕੀਮ ਤਿਆਰ ਕੀਤੀ ਜਾ ਰਹੀ ਹੈ।
ਲੋਕ ਘਰਾਂ ਵਿੱਚ 2 ਮੀਟਰ ਲਗਵਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਮੁਫਤ ਬਿਜਲੀ ਯੂਨਿਟ ਦਾ ਦਾਇਰਾ ਦੁੱਗਣਾ ਯਾਨੀ 1200 ਹੋ ਜਾਵੇਗਾ। ਫਿਰ ਉਹ ਇੱਕੋ ਘਰ ਵਿੱਚ ਦੁੱਗਣੀ ਬਿਜਲੀ ਦੀ ਵਰਤੋਂ ਕਰਦੇ ਹਨ, ਫਿਰ ਵੀ ਇਹ ਪ੍ਰਤੀ ਬਿੱਲ ਮੁਫ਼ਤ ਹੋਵੇਗਾ। ਇਸੇ ਤਰ੍ਹਾਂ ਜੇਕਰ ਕੁਨੈਕਸ਼ਨ ਇੱਕ ਕਿਲੋਵਾਟ ਦਾ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ 600 ਤੋਂ ਉੱਪਰ ਦੇ ਵਾਧੂ ਯੂਨਿਟਾਂ ਲਈ ਹੀ ਭੁਗਤਾਨ ਕਰਨਾ ਪਵੇਗਾ। ਪਾਵਰਕਾਮ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਵੀ ਕੀਤੀ ਕੀ ਨਵੇਂ ਮੀਟਰਾਂ ਲਈ ਅਰਜ਼ੀਆ ਚ ਇਜਾਫ਼ਾ ਹੋਇਆ ਹੈ ਅਤੇ ਜੋਂ ਅੱਗੇ ਹੋਰ ਵੱਧਣ ਦੀ ਸੰਭਾਵਨਾ ਹੈ।
ਉੱਥੇ ਹੀ ਸਮਾਜ਼ ਦਾ ਇੱਕ ਵਰਗ ਅਜਿਹਾ ਹੈ ਜੋਂ ਇਹ ਮੰਗ ਕਰ ਰਿਹਾ ਹੈ ਕਿ ਬੇਸ਼ਕ ਸਰਕਾਰ ਨੇ ਮੁਫ਼ਤ ਬਿਜ਼ਲੀ ਦੇਣ ਦਾ ਵਾਅਦਾ ਕੀਤਾ ਹੈ ਪਰ ਸਰਕਾਰ ਨੂੰ ਚਾਹੀਦਾ ਕਿ ਮੁਫ਼ਤਖੋਰੀ ਵਧਾਉਣ ਵਾਲੋਂ ਉਹ ਬਿਜ਼ਲੀ ਦਾ ਰੇਟ ਕਾਫੀ ਜਿਆਦਾ ਘਟਾ ਦੇਣ। ਜ਼ਿਸ ਨਾਲ ਸਮਾਜ ਦੇ ਹਰੇਕ ਵਰਗ ਨੂੰ ਫਾਇਦਾ ਪਹੁੰਚੇ।