ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ, ਜਾਰੀ ਕੀਤੇ ਗਏ ਸ਼ਿਕਾਇਤ ਨੰਬਰਾਂ ’ਤੇ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਅੰਦਰ ਕਰਨ

ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਸਖ਼ਤ ਹਿਦਾਇਤਾਂ, ਜਾਰੀ ਕੀਤੇ ਗਏ ਸ਼ਿਕਾਇਤ ਨੰਬਰਾਂ ’ਤੇ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਅੰਦਰ ਕਰਨ
  • PublishedApril 20, 2022

ਸ਼ਿਕਾਇਤਾਂ ਨਿਪਟਾਉਣ ਵਿੱਚ ਦੇਰੀ ਜਾਂ ਅਣਗਹਿਲੀ ਵਰਤਨ ਵਾਲੇ ਅਧਿਕਾਰੀ ਵਿਰੁੱਧ ਹੋਵੇਗੀ ਸਖਤ ਕਾਰਵਾਈ

ਜ਼ਿਲ੍ਹਾ ਵਾਸੀ ਵਟਸਐਪ ਨੰਬਰ 62393-01830 , ਫੋਨ ਨੰਬਰ 94640-67839 ਅਤੇ ਈਮੇਲ ਆਈ ਡੀ ceabranchgsp@gmail.com ਰਾਹੀਂ ਦੱਸ ਸਕਦੇ ਹਨ ਮੁਸ਼ਕਿਲਾ

ਗੁਰਦਾਸਪੁਰ, 20 ਅਪ੍ਰੈਲ  (ਮੰਨਣ ਸੈਣੀ )। ਜ਼ਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਲਈ ਜਾਰੀ ਕੀਤੇ ਗਏ ਫੋਨ ਨੰਬਰਾਂ ’ਤੇ ਪ੍ਰਾਪਤ ਸ਼ਿਕਾਇਤਾਂ ਦਾ ਨਿਸ਼ਚਿਤ ਸਮੇਂ ਅੰਦਰ ਹੱਲ ਕਰਨ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀ ਗਈਆਂ ਹਨ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਜੂਮ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਸਪੱਸ਼ਟ ਸਬਦਾਂ ਵਿਚ ਮੁਸ਼ਕਿਲਾਂ ਹੱਲ ਕਰਨ ਦੇ ਸਖ਼ਤ ਆਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਸ਼ਿਕਾਇਤਾਂ ਨਿਪਟਾਉਣ ਵਿਚ ਦੇਰੀ ਜਾਂ ਅਣਗਹਿਲੀ ਵਰਤਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ਿਕਾਇਤਾਂ ਸਮਾਂਬੱਧ ਤਰੀਕੇ ਨਾਲ ਨਿਪਟਾਈਆਂ ਜਾਣ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਹੋ ਸਕੇ। ਉਨਾਂ ਅੱਗੇ ਕਿਹਾ ਕਿ ਹਰ ਸੋਮਵਾਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਿਕਾਇਤਾਂ ਦੇ ਹੱਲ ਸਬੰਧੀ ਕੀਤੀ ਗਈ ਕਾਰਵਾਈ ਦਾ ਜਾਇਜ਼ਾ ਲਿਆ ਜਾਵੇਗਾ। ਉਨਾਂ ਕਿਹਾ ਕਿ ਇਹ ਸ਼ਿਕਾਇਤ ਨੰਬਰ ਜਾਰੀ ਕਰਨ ਦਾ ਇਹੀ ਮੁੱਖ ਮੰਤਵ ਹੈ ਕਿ ਲੋਕ ਘਰ ਬੈਠਿਆਂ ਆਪਣੀ ਸ਼ਿਕਾਇਤ ਦੱਸ ਸਕਣ ਤੇ ਉਨਾਂ ਦੇ ਨਿਸ਼ਚਿਤ ਸਮੇਂ ਅੰਦਰ ਨਿਪਟਾਰਾ ਕੀਤਾ ਜਾ ਸਕੇ।

 ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਦੀ ਸਹੂਲਤ ਲਈ ਆਪਣੇ ਘਰੋਂ ਹੀ ਆਪਣੀ ਮੁਸ਼ਕਿਲ, ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਲਈ ਸ਼ਿਕਾਇਤ ਨੰਬਰ ਜਾਰੀ ਕੀਤੇ ਗਏ ਹਨ, ਜਿਸ ਉੱਪਰ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਵਟਸਐਪ ਨੰਬਰ 62393-01830 ਰਾਹੀਂ, ਫੋਨ ਕਰਨ ਲਈ 94640-67839 ਅਤੇ ਈਮੇਲ ceabranchgsp0gmail.com ਰਾਹੀਂ ਸ਼ਿਕਾਇਤ ਭੇਜੀ ਜਾ ਸਕਦੀ ਹੈ।  ਇਸ ਤੋਂ ਇਲਾਵਾ ਉਪਰੋਕਤ ਸ਼ਿਕਾਇਤ ਨੰਬਰਾਂ ’ਤੇ ਲੋਕ, ਜੇਕਰ ਕੋਈ ਵਸੀਕਾ ਨਵੀਸ ਨਿਰਧਾਰਤ ਕੀਤੀ ਗਈ ਸਰਕਾਰੀ ਫੀਸ ਤੋਂ ਵੱਧ ਪੈਸੇ ਲੈਂਦੇ ਹਨ ਤਾਂ ਉਸਦੀ ਸ਼ਿਕਾਇਤ ਵੀ ਇਨਾਂ ਨੰਬਰਾਂ ’ਤੇ ਕੀਤੀ ਜਾ ਸਕਦੀ ਹੈ।

ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਉਪਰੋਕਤ ਜਾਰੀ ਕੀਤੇ ਸ਼ਿਕਾਇਤ ਨੰਬਰਾਂ ’ਤੇ 126 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਾਪਤ ਸ਼ਿਕਾਇਤਾਂ ਵਿਚ ਪਿੰਡ ਭੋਲਕੇ ਦੇ ਸਤਪਾਲ ਸਿੰਘ ਵਲੋਂ 2019 ਤੋਂ ਬਾਅਦ ਲੰਬੜਦਾਰ ਦੀ ਤਨਖਾਹ ਨਾ ਮਿਲਣ ਸਬੰਧੀ, ਪਿੰਡ ਘੁਮਾਣ ਦੇ ਕਾਬਲ ਸਿੰਘ ਵਲੋਂ ਰਾਸ਼ਨ ਕਾਰਡ ਨਾ ਬਣਨ ਸਬੰਧੀ, ਪਿੰਡ ਛਿੱਛਰਾ ਤੋਂ ਸਾਬਕਾ ਸੂਬੇਦਾਰ ਮੇਜਰ ਸੁਲੱਖਣ ਸਿੰਘ ਵਲੋਂ ਸ਼ਿਕਾਇਤ ਕੀਤੀ ਗਈ ਕਿ ਧੱਕੇ ਨਾਲ ਉਸਦੀ ਮਾਲਕੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਹੈ ਆਦਿ ਨਾਲ ਸਬੰਧਤ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਾਰੀ ਕੀਤੇ ਉਪਰੋਕਤ ਨੰਬਰਾਂ ਸਮੇਤ ਈ.ਮੇਲ ਆਈ.ਡੀ ਉੱਤੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ, ਜਿਸ ਦਾ ਸਬੰਧਿਤ ਵਿਭਾਗ ਰਾਹੀ ਹੱਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

Written By
The Punjab Wire