ਹੁਣ ਕਿਸੇ ਫੜੀ ਵਾਲੇ ਦੀ ਨਹੀਂ ਕੱਟੀ ਜਾਵੇਗੀ ਕੋਈ ਵੀ ਪਰਚੀ-ਬਹਿਲ
ਗੁਰਦਾਸਪੁਰ, 20 ਅਪ੍ਰੈਲ (ਮੰਨਣ ਸੈਣੀ)। ਗੁਰਦਾਸਪੁਰ ਦੀ ਸਬਜੀ ਮੰਡੀ ਵਿਚ ਠੇਕੇਦਾਰ ਅਤੇ ਰੇਹੜੀ ਫੜੀ ਵਾਲਿਆਂ ਦਰਮਿਆਨ ਵਸੂਲੀ ਨੂੰ ਲੈ ਕੇ ਪੈਦਾ ਹੋਇਆ ਕਥਿਤ ਵਿਵਾਦ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਸੁਲਝਾ ਦਿੱਤਾ ਹੈ। ਇਸ ਤਹਿਤ ਰਮਨ ਬਹਿਲ ਨੇ ਖੁਦ ਮੰਡੀ ਦਾ ਦੌਰਾ ਕੀਤਾ ਅਤੇ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਉਪਰੰਤ ਐਲਾਨ ਕੀਤਾ ਕਿ ਸਬਜੀ ਮੰਡੀ ਵਿਚ ਕਿਸੇ ਵੀ ਫੜੀ ਵਾਲੇ ਕੋਲੋਂ ਕੋਈ ਵਸੂਲੀ ਨਹੀਂ ਕੀਤੀ ਜਾਵੇਗੀ। ਇਸ ਮੌਕੇ ਬਹਿਲ ਨੇ ਕਿਹਾ ਕੁਝ ਦਿਨ ਪਹਿਲਾਂ ਸਬਜੀ ਮੰਡੀ ਨਾਲ ਸਬੰਧਿਤ ਫੜੀ ਵਾਲਿਆਂ ਨੇ ਉਨਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਸਬਜੀ ਮੰਡੀ ਦੇ ਠੇਕੇਦਾਰ ਵੱਲੋਂ ਰੇਹੜੀ ਫੜੀ ਵਾਲਿਆਂ ਦੀ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਇਹ ਫੜੀ ਵਾਲੇ ਪਹਿਲਾਂ ਨੂੰ ਆਰਥਿਕ ਪੱਖੋਂ ਕਮਜੋਰ ਹਨ ਜਿਨਾਂ ਦੀ ਪਰਚੀ ਕੱਟੇ ਜਾਣ ਕਾਰਨ ਉਨਾਂ ‘ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ।
ਬਹਿਲ ਨੇ ਕਿਹਾ ਕਿ ਉਨਾਂ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਵਾਈ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਸਲਾ ਪੂਰੇ ਪੰਜਾਬ ਦਾ ਹੈ ਕਿਉਂਕਿ ਹੋਰ ਮੰਡੀਆਂ ਵਿਚ ਵੀ ਠੇਕੇਦਾਰ ਇਸੇਤਰਾਂ ਵਸੂਲੀ ਕਰ ਰਹੇ ਹਨ। ਪਰ ਇਹ ਗੱਲ ਸਾਹਮਣੇ ਆਈ ਹੈ ਕਿ ਠੇਕੇਦਾਰ ਨੇ ਵੀ ਬਣਦੀ ਰਕਮ ਭਰ ਕੇ ਸਰਕਾਰ ਕੋਲੋਂ ਠੇਕਾ ਲਿਆ ਹੈ ਜਿਸ ਨੇ ਮੰਡੀ ਵਿਚੋਂ ਹੀ ਵਸੂਲੀ ਕਰਨੀ ਹੈ। ਬਹਿਲ ਨੇ ਕਿਹਾ ਕਿ ਇਸ ਮਾਮਲੇ ਵਿਚ ਉਨਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਸਰਕਾਰੀ ਪੱਧਰ ‘ਤੇ ਇਸ ਮਸਲੇ ਦਾ ਹੱਲ ਕਰਨ ਲਈ ਉਹ ਸਰਕਾਰ ਨੂੰ ਲਿਖ ਕੇ ਭੇਜਣ ਅਤੇ ਉਹ ਖੁਦ ਵੀ ਉਚ ਅਧਿਕਾਰੀਆਂ ਤੇ ਸਬੰਧਿਤ ਮੰਤਰੀ ਨਾਲ ਗੱਲਬਾਤ ਕਰ ਕੇ ਇਹ ਇਸ ਮਸਲੇ ਦਾ ਸਥਾਈ ਹੱਲ ਕਰਨਗੇ। ਪਰ ਜਿੰਨੀ ਦੇਰ ਸਰਕਾਰੀ ਤੌਰ ‘ਤੇ ਇਸ ਮਸਲੇ ਦਾ ਹੱਲ ਨਹੀਂ ਹੁੰਦਾ, ਓਨੀ ਦੇਰ ਉਨਾਂ ਨੇ ਮੰਡੀ ਨਾਲ ਸਬੰਧਿਤ ਠੇਕੇਦਾਰ, ਆੜਤੀਆਂ ਅਤੇ ਫੜੀ ਵਾਲਿਆਂ ਨਾਲ ਬੈਠ ਕੇ ਸਾਰਾ ਮਸਲਾ ਹੱਲ ਕਰਵਾ ਦਿੱਤਾ ਹੈ ਅਤੇ ਠੇਕੇਦਾਰ ਨੇ ਵੀ ਐਲਾਨ ਕੀਤਾ ਹੈ ਕਿ ਉਹ ਕਿਸੇ ਰੇਹੜੀ ਫੜੀ ਵਾਲੇ ਕੋਲੋਂ ਵਸੂਲੀ ਨਹੀਂ ਕਰੇਗਾ।
ਇਸ ਮੌਕੇ ਬਹਿਲ ਨੇ ਮੰਡੀ ਦਾ ਦੌਰਾ ਵੀ ਕੀਤਾ ਜਿਸ ਦੌਰਾਨ ਕਈ ਲੋਕਾਂ ਨੇ ਮੰਡੀ ਵਿਚ ਸਾਫ ਸਫਾਈ ਦੀ ਮੰਦੀ ਹਾਲਤ ਦਾ ਮੁੱਦਾ ਚੁੱਕਿਆ। ਇਸ ‘ਤੇ ਬਹਿਲ ਨੇ ਤੁਰੰਤ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਸਫਾਈ ਵਾਲਾ ਠੇਕੇਦਾਰ ਕੰਮ ਸ਼ੁਰੂ ਨਹੀਂ ਕਰਦਾ ਤਾਂ ਉਸ ਦਾ ਠੇਕਾ ਰੱਦ ਕਰਕੇ ਕਿਸੇ ਹੋਰ ਨੂੰ ਦਿੱਤਾ ਜਾਵੇ। ਬਹਿਲ ਵੱਲੋਂ ਕੀਤੇ ਇਸ ਉਪਰਾਲੇ ਦੀ ਫੜੀ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਕੁਮਾਰ, ਗਗਨ ਕਰਲੂਪੀਆ, ਦਿਨੇਸ਼ ਮਹਾਜਨ, ਬੂਟਾ ਆਦਿ ਨੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਰੇ ਫੜੀ ਵਾਲੇ ਬਹਿਲ ਦੇ ਹਮੇਸ਼ਾਂ ਰਿਣੀ ਰਹਿਣਗੇ। ਆੜਤ ਐਸੋਸੀਏਸ਼ਨ ਦੇ ਚੇਅਰਮੈਨ ਕਮਲ ਮਹਾਜਨ, ਪ੍ਰਧਾਨ ਰਵੀ ਕੁਮਾਰ, ਡਿੰਪਾ ਮਹਾਜਨ ਨੇ ਰਮਨ ਬਹਿਲ ਦਾ ਮੰਡੀ ਵਿਚ ਪਹੁੰਚਣ ‘ਤੇ ਆੜਤ ਐਸੋਸੀਏਸ਼ਨ ਵੱਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਉਹ ਮੰਡੀ ਦਾ ਸਮੁੱਚਾ ਕੰਮ ਸੁਚਾਰੂ ਰੂਪ ਵਿਚ ਚਲਾਉਣਗੇ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ। ਇਸ ਮੌਕੇ ਬਹਿਲ ਦੇ ਨਾਲ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਸਰਬਜੀਤ ਕੌਰ, ਹਰਦੀਪ ਸਿੰਘ ਬੇਦੀ, ਮਾਸਟਰ ਸ਼ਸ਼ੀ, ਪਿੰਟਾ, ਭਾਰਤ ਭੂਸ਼ਣ ਇੰਚਾਰਜ ਜ਼ਿਲ੍ਹਾ ਦਫਤਰ ਆਮ ਆਦਮੀ ਪਾਰਟੀ, ਸੁਗਰੀਵ, ਹਰਜਿੰਦਰ ਸਿੰਘ, ਬ੍ਰਿਜੇਸ਼ ਚੋਪੜਾ ਬੌਬੀ, ਨਰਿੰਦਰ ਭਾਸਕਰ, ਯੋਗੇਸ਼ ਸ਼ਰਮਾ, ਬਲਵਿੰਦਰ ਬਾਬੋਵਾਲ ਆਦਿ ਮੌਜੂਦ ਸਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਬਲਬੀਰ ਸਿੰਘ ਬਾਜਵਾ, ਮੰਡੀ ਸੁਪਰਵਾਈਜਰ ਜੰਗ ਬਹਾਦਰ ਸਿੰਘ ਨੇ ਭਰੋਸਾ ਦਿੱਤਾ ਕਿ ਮਾਰਕੀਟ ਕਮੇਟੀ ਵੱਲੋਂ ਮੰਡੀ ਵਿਚ ਲੋਕਾਂ ਦੀ ਸਹੂਲਤ ਲਈ ਕਈ ਕਸਰ ਨਹੀਂ ਛੱਡੀ ਜਾਵੇਗੀ।