ਡਿਪਟੀ ਕਮਿਸ਼ਨਰ ਵਲੋਂ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 8, 9 ਤੇ 10 ਦੇ ਲੋਕਾਂ ਦੀ ਮੁਸਕਿਲਾਂ ਸੁਣਨ ਲਈ ਲਾਇਆ ਵਿਸ਼ੇਸ ਕੈਂਪ
ਗੁਰਦਾਸਪੁਰ, 15 ਅਪ੍ਰੈਲ ( ਮੰਨਣ ਸੈਣੀ )। ਜ਼ਿਲ੍ਹਾ ਵਾਸੀਆਂ ਦੀ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ, ਜਿਸ ਤਹਿਤ ਪ੍ਰਸ਼ਾਸਨ ਲੋਕਾਂ ਦੇ ਘਰਾਂ ਤਕ ਪਹੁੰਚ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 8, 9 ਤੇ 10 ਦੇ ਲੋਕਾਂ ਦੀਆਂ ਗੀਤਾ ਭਵਨ ਸਕੂਲ ਦੇ ਖੇਡ ਮੈਦਾਨ ਵਿਚ ਲੱਗੇ ਵਿਸ਼ੇਸ ਕੈਂਪ ਦੌਰਾਨ ਕੀਤਾ। ਇਸ ਮੌਕੇ ਹਿਰਦੇਪਾਲ ਸਿੰਘ ਨਾਇਬ ਤਹਿਸੀਲਦਾਰ, ਗੁਰਮੀਤ ਸਿੰਘ ਥਾਣਾ ਮੁਖੀ, ਵਾਰਡ ਨੰਬਰ 9 ਦੇ ਐਮ. ਸੀ ਅਸੋਕ ਭੁੱਟੋ, ਰਾਜੀਵ ਸਿੰਘ ਸੈਕਰਟਰੀ ਜਿਲਾ ਰੈਡ ਕਰਾਸ, ਐਕਸੀਅਨ ਸਤਨਾਮ ਸਿੰਘ,ਅਸ਼ੋਕ ਕੁਮਾਰ ਈ.ਓ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਪਿੰਡਾਂ/ਸ਼ਹਿਰਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ’ਤੇ ਅਧਿਕਾਰੀਆਂ ਨੂੰ ਹੱਲ ਕਰਵਾਉਣ ਦੇ ਮੰਤਵ ਨਾਲ ਲੋਕਾਂ ਦੇ ਘਰਾਂ ਤੱਕ ਪੁਹੰਚ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਨਾ ਆਉਣਾ ਪਵੇ ਤੇ ਉਨਾਂ ਦੇ ਸਮੇਂ ਦੀ ਬਚਤ ਹੋ ਸਕੇ। ਉਨਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨਾਂ ਦਾ ਨਿਪਟਾਰਾ ਕਰਨ ਲਈ ਮੌਕੇ ’ਤੇ ਮੋਜੂਦ ਅਧਿਕਾਰੀਆਂ ਨੂੰ ਸਮਾਂਬੱਧ ਕਰਕੇ ਮੁਸ਼ਕਿਲਾਂ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਥੇ ਲੋਕਾਂ ਦੇ ਕੋਲ ਜਾ ਕੇ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ, ਉਥੇ ਹੁਣ ਇਸ ਤੋ ਇਲਾਵਾ ਨਾਲ ਲੋਕਾਂ ਦੀ ਸਹੂਲਤ ਲਈ ਜਿਲ੍ਹੇ ਦੇ ਸਾਰੇ 11 ਬਲਾਕਾਂ ਵਿਚ ਸ਼ਿਕਾਇਤਾਂ ਸੁਣਨ ਲਈ ਅਾਨਲਾਈਨ ਦਫਤਰ ਸਥਾਪਿਤ ਕੀਤੇ ਜਾਣਗੇ, ਜਿਥੇ ਲੋਕਾਂ ਸਵੇਰੇ 11 ਤੋਂ 12 ਵਜੇ ਤਕ ਆਪਣੀ ਮੁਸ਼ਕਿਲ ਡਿਪਟੀ ਕਮਿਸ਼ਨਰ ਨੂੰ ਦੱਸ ਸਕਣਗੇ। ਇਹ ਦਫਤਰ ਅਗਲੇ 15 ਦਿਨਾਂ ਤਕ ਸ਼ੁਰੂ ਕਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੂੰ ਮੁਹੱਲਾ ਵਾਸੀਆਂ ਨੇ ਸੰਬੋਧਨ ਕਰਦਿਆਂ ਨਸ਼ਿਆਂ ਦੀ ਬਿਮਾਰੀ ਦੇ ਖਾਤਮੇ ਲਈ ਵਿੱਢੀ ਵਿਸ਼ੇਸ ਮੁਹਿੰਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਸ਼ਾ ਇਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ। ਨਸ਼ੇ ਦੇ ਬੀਮਾਰ ਦੀ ਪਹਿਚਾਣ ਦੇ ਲੱਛਣ ਜਿਵੇਂ ਭੁੱਖ ਦਾ ਘੱਟ ਲੱਗਣਾ, ਭਾਰ ਘਟਣਾ, ਸਰੀਰ ਵਿਚ ਥਕਾਵਟ ਦਾ ਹੋਣਾ,ਪਸੀਨਾ ਹੱਦੋਂ ਵੱਧ ਆਉਣਾ, ਉਲਟੀਆਂ ਆਉਣੀਆਂ, ਬਾਥਰੂਮ ਵਿਚ ਜ਼ਿਆਦਾ ਸਮਾਂ ਲੱਗਣਾ, ਕਬਜ਼ ਦਾ ਹੋਣਾ ਤੇ ਹੱਥਾਂ ਬਾਹਾਂ ਤੇ ਸੂਈਆਂ ਦੇ ਨਿਸ਼ਾਨ ਪਾਏ ਜਾਣੇ ਆਦਿ ਹੁੰਦੇ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਜਿਹੇ ਲੱਛਣ ਹਨ ਤਾਂ ਇਸ ਦੇ ਬਾਰੇ ਮੋਬਾਇਲ ਨੰਬਰ 62391-39973 ਤੇ ਕੇਵਲ ਵਟਸਐਪ ਰਾਹੀ ਮੈਸੇਜ ਭੇਜਿਆ ਜਾਵੇ। ਮਰੀਜ ਨੂੰ ਘਰ ਬੈਠੇ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਵੇਗੀ, ਮੁਫਤ ਇਲਾਜ ਕਰਵਾਇਆ ਜਾਵੇਗਾ ਤੇ ਸਾਰੀ ਸੂਚਨਾ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਂਦਿਆਂ ਲੋਕਾਂ ਨੇ ਬੁਢਾਪਾ ਪੈਨਸ਼ਨ, ਮਕਾਨ ਦੀ ਮੁਰੰਮਤ ਕਰਵਾਉਣ ਰਾਸ਼ਨ ਕਾਰਡ ਬਣਾਉਣ ਸਬੰਧੀ, ਨਾਲੇ ਦੀ ਸਫਾਈ ਕਰਨ ਸਬੰਧੀ, ਅਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ, ਸੀਵਰੇਜ ਦੀ ਸਮੱਸਿਆ, ਬੇਰੁਜ਼ਗਾਰਾਂ ਨੋਜਵਾਨ ਵਲੋਂ ਰੁਜਗਾਰ ਪ੍ਰਾਪਤ ਸਬੰਧੀ,ਸ਼ਗਨਾਂ ਸਕੀਮ, ਗੰਭੀਰ ਬਿਮਾਰੀ ਦਾ ਇਲਾਜ ਕਰਵਾਉਣ ਸਬੰਧੀ ਸਮੇਤ ਵੱਖ-ਵੱਖ ਮੁਸ਼ਕਿਲਾਂ ਦੱਸੀਆਂ। ਜਿਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਮੋਕੇ ’ਤੇ ਮੋਜੂਦ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੋਕੇ ਉਨਾ ਰੈਡ ਕਰਾਸ ਦੇ ਅਧਿਕਾਰੀ ਨੂੰ ਲੋੜਵੰਦ ਲੋਕਾਂ ਨੂੰ ਮੁਫਤ ਦਵਾਈਆਂ ਦੇਣ ਲਈ ਵੀ ਕਿਹਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਮੋਚਪੁਰ ਅਤੇ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਵਿਖੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਹਨ ਤੇ ਜਿਨਾਂ ਨੂੰ ਨਿਪਟਾਉਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ, ਇਸੇ ਤਰਾਂ ਅੱਜ ਇਥੇ ਵਿਸ਼ੇਸ ਕੈਂਪ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਕੋਲੋਂ ਹਰ ਹਫਤੇ ਰਿਪੋਰਟ ਲਈ ਜਾਂਦੀ ਹੈ ਤਾਂ ਜੋ ਸ਼ਿਕਾਇਤ ਦਾ ਨਿਬੇੜਾ ਸਮਾਂਬੱਧ ਸਮੇਂ ਵਿਚ ਕੀਤਾ ਜਾ ਸਕੇ। ਉਨਾਂ ਅੱਗੇ ਕਿਹਾ ਕਿ ਜ਼ਿਲੇ ਦੇ ਪੇਂਡੂ ਤੇ ਸ਼ਹਿਰੀ ਖੇਤਰ ਤੇ ਖਾਸਕਰਕੇ ਜਿਲੇ ਦੇ ਦੂਰ ਢੁਰਾਡੇ ਖੇਤਰ ਵਿਚ ਜਾ ਕੇ ਜਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਦੂਰੋਂ ਦਫਤਰਾਂ ਵਿਚ ਆਉਣਾ ਨਾ ਪਵੇ। ਨਾਲ ਹੀ ਉਨਾਂ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦੇਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ੇਸ ਕੈਂਪ ਲਗਾਉਣ ਦੀ ਹਦਾਇਤ ਕੀਤੀ ਹੈ ਤਾਂ ਜੋ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪੁਜਦਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਬੇਰੁਜ਼ਗਾਰ ਨੋਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਕੰਪਿਊਟਰ ਸਮੇਤ ਹੋਰ ਕੋਰਸ ਕਰਵਾਏ ਜਾਣਗੇ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
ਇਸ ਮੌਕੇ ਵਾਰਡ ਨੰਬਰ 8,9 ਤੇ 10 ਦੇ ਲੋਕਾਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਲੇ ਦੇ ਡਿਪਟੀ ਕਮਿਸ਼ਨਰ ਖੁਦ ਲੋਕਾਂ ਤਕ ਪੁਹੰਚ ਕਰਕੇ ਮੁਸ਼ਕਿਲਾਂ ਸੁਣ ਰਹੇ , ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਉਨਾਂ ਦੱਸਿਆ ਕਿ ਕਈ ਵਾਰ ਸਮੇਂ ਦੀ ਘਾਟ ਤੇ ਦਫਤਰ ਜਾਣ ਲਈ ਸਾਧਨ ਨਾ ਹੋਣ ਕਰਕੇ ਉਨਾਂ ਨੂੰ ਰੋਜਮੱਰਾ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਲਈ ਬਹੁਤ ਸਮੱਸਿਆ ਪੇਸ਼ ਆਉਂਦੀ ਸੀ, ਪਰ ਹੁਣ ਜਿਲੇ ਦੇ ਅਧਿਕਾਰੀ ਖੁਦ ਆ ਕੇ ਮੁਸ਼ਕਿਲਾਂ ਸੁਣ ਰਹੇ , ਜੋ ਰਾਹਤ ਵਾਲੀ ਗੱਲ ਹੈ।