ਰੋਸ਼ ਦੇ ਚਲਦੇ ਲੋਕਾਂ ਨੇ ਕਸਬਾ ਬੰਦ ਕਰ ਦਿੱਤਾ ਧਰਨਾ, ਲਗਾਏ ਪੁਲਿਸ ਤੇ ਢਿੱਲੀ ਕਾਰਵਾਈ ਕਰਨ ਦੇ ਦੋਸ਼
ਮਾਨਸਿਕ ਤੌਰ ਤੇ ਬਿਮਾਰ ਦੱਸਿਆ ਜਾ ਰਿਹਾ ਦੋਸ਼ੀ, ਪਹਿਲਾ ਵੀ ਇਕ ਧਾਰਮਿਕ ਸਥਾਨ ਤੇ ਕਰ ਚੁੱਕਾ ਸੀ ਬੇਅਦਬੀ
ਗੁਰਦਾਸਪੁਰ, 9 ਅਪ੍ਰੈਲ (ਮੰਨਣ ਸੈਣੀ)। ਸ਼ਨੀਵਾਰ ਨੂੰ ਕਸਬਾ ਦੋਰਾਂਗਲਾ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਸਥਾਨਕ ਲੋਕਾਂ ਵੱਲੋਂ ਨਵਰਾਤਰਿਆਂ ਕਾਰਨ ਲੰਗਰ ਲਗਾਉਣ ਅਤੇ ਪੂਜਾ ਲਈ ਕੀਤੀ ਗਈ ਮੂਰਤੀਆਂ ਦੀ ਸਥਾਪਨਾ ਦੀ ਇੱਕ ਵਿਅਕਤੀ ਵੱਲੋ ਬੇਅਦਬੀ ਕਰ ਦਿੱਤੀ ਗਈ। ਦੋਸ਼ੀ ਵਿਅਕਤੀ ਨੂੰ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਵੇਖ ਲਿਆ ਅਤੇ ਫੜ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਬੰਨ ਦਿੱਤਾ। ਇਸ ਸਬੰਧੀ ਲੋਕਾਂ ਨੇ ਪੁਲਿਸ ਤੇ ਦੋਸ਼ ਲਗਾਉਂਦੇ ਹੋਏ ਕਿਹਾ ਪੁਲਿਸ ਨੂੰ ਵਾਰ-ਵਾਰ ਫੋਨ ਕਰਨ ’ਤੇ ਵੀ ਜਦੋਂ ਪੁਲਿਸ ਜਲਦੀ ਹੀ ਮੌਕੇ ’ਤੇ ਨਾ ਪੁੱਜੀ ਤਾਂ ਉਨ੍ਹਾਂ ਨੂੰ ਮਜਬੂਰਨ ਦੋਸ਼ੀ ਨੂੰ ਬੰਨ੍ਹ ਦੇਣਾ ਪਿਆ। ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਪਹੁੰਚ ਕੇ ਰਿਹਾ ਕਰਵਾਇਆ । ਘਟਨਾ ਦੁਪਹਿਰ 12 ਵਜ਼ੇ ਦੇ ਕਰੀਬ ਦੱਸੀ ਜਾ ਰਹੀ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੇਅਦਬੀ ਦੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਜੱਦ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਥਾਣੇ ਲੈ ਜਾਣ ਦੀ ਗੱਲ ਕੀਤੀ ਤਾਂ ਇਕੱਠੇ ਹੋਏ ਲੋਕਾਂ ਅਤੇ ਪੁਲਿਸ ਵਿਚਕਾਰ ਵੀ ਤਕਰਾਰ ਦੇਖੀ ਗਈ। ਦੇਰੀ ਨਾਲ ਪਹੁੰਚੀ ਪੁਲਿਸ ਅਤੇ ਬੇਅਦਬੀ ਤੋਂ ਦੁਖੀ ਹੋਏ ਲੋਕਾਂ ਨੇ ਪਰਚਾ ਮੌਕੇ ਤੇ ਹੀ ਦਰਜ ਕਰਨ ਦੀ ਮੰਗ ਕੀਤੀ ਅਤੇ ਰੋਸ਼ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਕੁਝ ਸਮੇਂ ਬਾਅਦ ਦੋਸ਼ੀ ਨਾਲ ਸੰਬੰਧਿਤ ਭਾਈਚਾਰੇ ਦੇ ਲੋਕ ਵੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲਾ ਗਰਮੀ ਫੜਨ ਲੱਗ ਪਿਆ।
ਪਰ ਗੁਰਦਾਸਪੁਰ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਅਤੇ ਸਥਿਤੀ ਵਿਗੜਨ ਤੋਂ ਪਹਿਲਾ ਹੀ ਘਟਨਾ ਵਾਲੀ ਥਾਂ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ।ਜਿਸ ਵਿੱਚ ਮੌਕੇ ’ਤੇ ਐਸਪੀ (ਡੀ) ਮੁਕੇਸ਼ ਕੁਮਾਰ, ਡੀਐਸਪੀ (ਸਿਟੀ ਗੁਰਦਾਸਪੁਰ) ਸੁਖਪਾਲ ਸਿੰਘ, ਡੀਐਸਪੀ ਦੀਨਾਨਗਰ ਰਾਜਬੀਰ ਸਮੇਤ ਭਾਰੀ ਪੁਲੀਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਤੇ ਕਾਬੂ ਪਾਇਆ।
ਦੂਜੇ ਪਾਸੇ ਪੁਲੀਸ ’ਤੇ ਢਿੱਲੀ ਕਾਰਵਾਈ ਦਾ ਦੋਸ਼ ਲਾਉਂਦਿਆਂ ਅਤੇ ਬੇਅਦਬੀ ਕਾਰਨ ਭੜਕੇ ਲੋਕਾਂ ਨੇ ਤੁਰੰਤ ਕਸਬੇ ਨੂੰ ਬੰਦ ਕਰਵਾ ਦਿੱਤਾ ਅਤੇ ਧਰਨੇ ’ਤੇ ਬੈਠ ਗਏ। ਉਹਨਾਂ ਵੱਲੋਂ ਥਾਣਾ ਇੰਚਾਰਜ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਗਈ। ਜਿਸ ਤੇ ਕਾਰਵਾਈ ਕਰਦੇ ਹੋਏ ਐਸਐਸਪੀ ਗੁਰਦਾਸਪੁਰ ਵੱਲੋਂ ਢਿੱਲੀ ਕਾਰਵਾਈ ਕਾਰਣ ਥਾਣਾ ਇੰਚਾਰਜ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਪੁਲਿਸ ਵੱਲੋਂ ਥਾਨਾ ਦੋਰਾਂਗਲਾ ਅੰਦਰ ਜਗਜੀਤ ਸਿੰਘ ਵਾਸੀ ਦੋਰਾਂਗਲਾ ਦੇ ਬਿਆਨਾਂ ਦੇ ਆਧਾਰ ‘ਤੇ ਕੁਲਜੀਤ ਸਿੰਘ ਵਾਸੀ ਨੌਸ਼ਹਿਰਾ ਥਾਣਾ ਦੋਰਾਂਗਲਾ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਆਪਣੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਲੰਗਰ ਦੌਰਾਨ ਇਕ ਵਿਅਕਤੀ ਤੋਤਾ ਮੋੜ ਤੋਂ ਪੈਦਲ ਆਇਆ ਅਤੇ ਆਉਂਦਿਆਂ ਹੀ ਉਸ ਨੇ ਮੂਰਤੀ ਨਾਲ ਬਦਸਲੂਕੀ ਕੀਤੀ। ਘਟਨਾ ਸਮੇਂ ਆਸ-ਪਾਸ ਦੇ ਦੁਕਾਨਦਾਰ ਵੀ ਮੌਜੂਦ ਸਨ। ਜੋ ਅਜਿਹੀ ਘਿਨੌਣੀ ਹਰਕਤ ਕਰਦਾ ਫੜਿਆ ਗਿਆ। ਦੂਜੇ ਪਾਸੇ ਇਹ ਵੀ ਗੱਲ਼ ਸਾਹਮਣੇ ਆਈ ਹੈ ਕਿ ਦੋਸ਼ੀ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਉਸ ਵੱਲੋਂ ਪਹਿਲਾ ਵੀ ਇੱਕ ਗੁਰਦਵਾਰੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ।
ਐਸਐਸਪੀ ਜਗਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਕਿਸੇ ਵੀ ਤਰਾਂ ਅਮਨ ਕਾਨੂੰਨ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਉਕਤ ਦੋਸ਼ੀ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆਂ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਥਾਣਾ ਪ੍ਰਮੁੱਖ ਨੂੰ ਵੀ ਢਿੱਲੀ ਕਾਰਵਾਈ ਕਰਨ ਤੇ ਲਾਈਨ ਹਾਜਿਰ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾਏਗੀ।