ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਮੇਰੀ ਜ਼ਿੰਮੇਵਾਰੀ- ਮੁੱਖ ਮੰਤਰੀ
· ਏ.ਜੀ.ਟੀ.ਐਫ. ਨੂੰ ਅਤਿ-ਆਧੁਨਿਕ ਸਹੂਲਤਾਂ ਅਤੇ ਸਰੋਤਾਂ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਉਹਨਾਂ ਦੀ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾਣਗੇ ਢੁਕਵੇਂ ਸਰੋਤ
· ਅਪਰਾਧ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦੀ ਲੋੜ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 8 ਅਪ੍ਰੈਲ ( ਦ ਪੰਜਾਬ ਵਾਇਰ)। ਗੈਂਗਸਟਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਲਿਹਾਜ਼ ਨਾ ਵਰਤਣ ਦਾ ਆਦੇਸ਼ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੂੰ ਸੂਬੇ ਵਿੱਚੋਂ ਗੈਂਗਸਟਰਾਂ ਦਾ ਬਿਲਕੁਲ ਸਫ਼ਾਇਆ ਕਰਨ ਲਈ ਕਿਹਾ ਤਾਂ ਜੋ ਲੋਕਾਂ ਦਾ ਕਾਨੂੰਨ ਅਤੇ ਵਿਵਸਥਾ ਵਿੱਚ ਭਰੋਸਾ ਕਾਇਮ ਕੀਤਾ ਜਾ ਸਕੇ।
ਅੱਜ ਬਾਅਦ ਦੁਪਹਿਰ ਸੀ.ਐਮ.ਆਰ. ਵਿਖੇ ਡੀਜੀਪੀ ਵੀ.ਕੇ. ਭਾਵਰਾ ਦੀ ਅਗਵਾਈ ਵਿੱਚ ਨਵੀਂ ਗਠਿਤ ਏ.ਜੀ.ਟੀ.ਐਫ. ਟੀਮ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸ. ਭਗਵੰਤ ਮਾਨ ਨੇ ਸੂਬੇ ਵਿੱਚੋਂ ਗੈਂਗਸਟਰਵਾਦ ਦੇ ਖਾਤਮੇ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਇਆ ਜੋ ਕਿ ਪੰਜਾਬ ਵਰਗੇ ਸ਼ਾਂਤ ਰਾਜ ਲਈ ਕਲੰਕ ਹੈ। ਉਹਨਾਂ ਅੱਗੇ ਕਿਹਾ ਕਿ ਏ.ਜੀ.ਟੀ.ਐਫ. ਨੂੰ ਲੋੜੀਂਦੇ ਮਨੁੱਖੀ ਵਸੀਲੇ, ਅਤਿ-ਆਧੁਨਿਕ ਤਕਨਾਲੋਜੀ, ਵਾਹਨਾਂ ਅਤੇ ਲੋੜੀਂਦੇ ਫੰਡਾਂ ਨਾਲ ਪੂਰੀ ਤਰ੍ਹਾਂ ਸਸ਼ਕਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਮਾਮਲੇ ‘ਚ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।” ਸ. ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਪੂਰੀ ਇਮਾਨਦਾਰੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਨੇ ਏ.ਜੀ.ਟੀ.ਐਫ. ਟੀਮ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਨੂੰ ਕੁਸ਼ਲ ਤੇ ਸਹੀ ਢੰਗ ਨਾਲ ਨਾਲ ਨਿਭਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸੂਬੇ ਵਿੱਚੋਂ ਗੈਂਗਸਟਰਾਂ ਨੂੰ ਖ਼ਤਮ ਕਰਨ ਦੀ ਇਸ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ।
ਉਹਨਾਂ ਨੇ ਏ.ਜੀ.ਟੀ.ਐਫ. ਨੂੰ ਸੂਬੇ ਭਰ ਦੇ 361 ਪੁਲਿਸ ਥਾਣਿਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਇਲਾਵਾ ਮੋਹਾਲੀ, ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਖੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲਜ਼ (ਐਸ.ਐਸ.ਓ.ਸੀਜ਼.) ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਵੀ ਅਧਿਕਾਰਤ ਕੀਤਾ।
ਉਹਨਾਂ ਨੇ ਏ.ਜੀ.ਟੀ.ਐਫ. ਦੇ ਮੁਖੀ ਨੂੰ ਇੱਕ ਹਫ਼ਤੇ ਅੰਦਰ ਇਸ ਫੋਰਸ ਦੀ ਭੂਮਿਕਾ, ਕੰਮਾਂ ਅਤੇ ਜ਼ਿੰਮੇਵਾਰੀਆਂ ਨੂੰ ਪ੍ਰਭਾਵੀ ਢੰਗ ਨਾਲ ਨਿਰਧਾਰਤ ਕਰਨ ਲਈ ਸਟੈਂਡਿੰਗ ਆਰਡਰ (ਐਸ.ਓ.) ਤਿਆਰ ਕਰਨ ਲਈ ਵੀ ਕਿਹਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਗੈਂਗਸਟਰਾਂ ਵੱਲੋਂ ਵੱਡੇ ਪੱਧਰ ‘ਤੇ ਫੈਲਾਏ ਦਹਿਸ਼ਤ ਨੂੰ ਰੋਕਣ ਲਈ ਤਾਲਮੇਲ ਅਤੇ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਅੰਤਰਰਾਜੀ ਤਾਲਮੇਲ ਲਈ ਯਤਨ ਤੇਜ਼ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਡੀ.ਜੀ.ਪੀ. ਵੀ.ਕੇ. ਭਾਵਰਾ, ਏ.ਡੀ.ਜੀ.ਪੀ. (ਏ.ਜੀ.ਟੀ.ਐਫ.) ਪ੍ਰਮੋਦ ਬਾਨ, ਏ.ਆਈ.ਜੀ. (ਏ.ਜੀ.ਟੀ.ਐਫ.) ਗੁਰਮੀਤ ਸਿੰਘ ਚੌਹਾਨ, ਡੀ.ਆਈ.ਜੀ. (ਏ.ਜੀ.ਟੀ.ਐਫ.) ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ.ਐਸ.ਪੀ. (ਏਜੀਟੀਐਫ) ਬਿਕਰਮਜੀਤ ਸਿੰਘ ਬਰਾੜ ਹਾਜ਼ਰ ਸਨ।