ਗੁਰਦਾਸਪੁਰ, 6 ਅਪ੍ਰੈਲ (ਮੰਨਣ ਸੈਣੀ)। ਪਿਛਲੇ ਦਿਨੀਂ ਚਾਰ ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਾਮਲੇ ਵਿੱਚ ਅਸਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਮੰਗਲਵਾਰ ਸ਼ਾਮ ਵੱਖ-ਵੱਖ ਜਥੇਬੰਦੀਆਂ ਨੇ ਸ਼ਹਿਰ ਵਿੱਚ ਕੈਂਡਲ ਰੋਸ ਮਾਰਚ ਕੱਢਿਆ। ਇਹ ਮਾਰਚ ਗੀਤਾ ਭਵਨ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਹਨੂੰਮਾਨ ਚੌਕ ਵਿਖੇ ਸਮਾਪਤ ਹੋਇਆ।
ਆਗੂਆਂ ਨੇ ਕਿਹਾ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੀ ਕਾਰਵਾਈ ਢਿੱਲੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਬਰ ਜਨਾਹ ਦਾ ਸ਼ਿਕਾਰ ਹੋਈ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਲੋਕਾਂ ਨੂੰ ਸੜਕਾਂ ‘ਤੇ ਆਉਣਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਮਾਸੂਮ ਬੱਚਾ ਅਜਿਹੀ ਘਿਨਾਉਣੀ ਹਰਕਤ ਦਾ ਸ਼ਿਕਾਰ ਨਾ ਹੋ ਸਕੇ। ਇਸ ਮੌਕੇ ਰੌਬੀ ਵਾਲੀਆ, ਸੰਦੀਪ ਅਬਰੋਲ, ਲੱਕੀ, ਜਤਿੰਦਰ ਸ਼ਰਮਾ, ਰਜਨੀਸ਼ ਮਹੰਤ, ਸੁਮਿਤ ਭਾਰਦਵਾਜ, ਵਿਕਾਸ ਮਹਾਜਨ, ਸਮੀਰ ਅਬਰੋਲ, ਅਤੁਲ ਮਹਾਜਨ, ਭਰਤ, ਮਮਤਾ ਗੋਇਲ ਆਦਿ ਹਾਜ਼ਰ ਸਨ।