ਹੰਸਲੀ ਨਾਲੇ ਦੇ ਸੁੰਦਰੀਕਰਨ ਪ੍ਰੋਜੈਕਟ ਨੂੰ ਜਲਦ ਨੇਪਰੇ ਚਾੜਨ ਦੀਆਂ ਦਿੱਤੀਆਂ ਹਦਾਇਤਾਂ
ਬਟਾਲਾ, 6 ਅਪ੍ਰੈਲ ( ਮੰਨਣ ਸੈਣੀ) । ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦਾ ਜਾਇਜਾ ਲਿਆ ਹੈ। ਸੂਬਾ ਸਰਕਾਰ ਵੱਲੋਂ ਇਸ ਪ੍ਰੋਜੈਕਟ ਉੱਪਰ 10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਤਹਿਤ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਹੰਸਲੀ ਨਾਲੇ ਦੀ ਸਾਈਡ ਲਾਈਨਿੰਗ ਕਰ ਦਿੱਤੀ ਗਈ ਹੈ ਅਤੇ ਹੰਸਲੀ ਦੇ ਸੱਜੇ ਪਾਸੇ ਇੰਟਰਲਾਕ ਟਾਈਲਾਂ ਦਾ ਰਸਤਾ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਹੰਸਲੀ ਨਾਲੇ ਦੇ ਸੁੰਦਰੀਕਰਨ ਪ੍ਰੋਜੈਕਟ ਦਾ ਜਾਇਜਾ ਲੈਣ ਤੋਂ ਬਾਅਦ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਬਟਾਲਾ ਵਾਸੀਆਂ ਨੂੰ ਜਿਥੇ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਓਥੇ ਹੰਸਲੀ ਦੇ ਖੂਬਸੂਰਤ ਕਿਨਾਰੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨਗੇ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਦੇ ਖੱਬੇ ਹੱਥ ਸੜਕ ਬਣਨ ਨਾਲ ਸ਼ਹਿਰ ਨੂੰ ਇਕ ਬਦਲਵਾਂ ਰੂਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਉਪਰ ਲਾਈਟਾਂ ਵੀ ਲਗਾ ਦਿੱਤੀਆਂ ਗਈਆਂ ਹਨ ਅਤੇ ਜੋ ਬਕਾਇਆ ਕੰਮ ਰਹਿ ਗਏ ਹਨ ਉਹ ਵੀ ਜਲਦ ਮੁਕੰਮਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਦੀ ਦੂਸਰੀ ਸਾਈਡ ਇੰਟਰਲਾਕ ਟਾਈਲਾਂ ਲਗਾ ਕੇ ਇੱਕ ਹੋਰ ਰਸਤਾ ਤਿਆਰ ਕੀਤਾ ਜਾ ਰਿਹਾ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਵਿਕਾਸ ਕਾਰਜਾਂ ਦੀ ਗੁਣਵਤਾ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਅਧਿਕਾਰੀ ਖੁਦ ਇਸਦੀ ਨਿਗਰਾਨੀ ਕਰਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬਟਾਲਾ ਨੂੰ ਵਿਕਸਤ ਤੇ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ।