ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਦੇ ਪਿੰਡ ਫੁੱਲੜੇ ਵਿਚ ਜ਼ਮੀਨੀ ਕਬਜ਼ੇ ਨੂੰ ਲੈ ਕੇ 4 ਵਿਅਕਤੀਆਂ ਦੀ ਗੋਲੀਬਾਰੀ ਵਿੱਚ ਹੋਈ ਮੌਤ, ਇਕ ਦੀ ਹਾਲਤ ਗੰਭੀਰ

ਗੁਰਦਾਸਪੁਰ ਦੇ ਪਿੰਡ ਫੁੱਲੜੇ ਵਿਚ ਜ਼ਮੀਨੀ ਕਬਜ਼ੇ ਨੂੰ ਲੈ ਕੇ 4 ਵਿਅਕਤੀਆਂ ਦੀ ਗੋਲੀਬਾਰੀ ਵਿੱਚ ਹੋਈ ਮੌਤ, ਇਕ ਦੀ ਹਾਲਤ ਗੰਭੀਰ
  • PublishedApril 4, 2022

ਜ਼ਿਲ੍ਹਾ ਗੁਰਦਾਸਪੁਰ ਦੇ 3 ਅਤੇ ਇੱਕ ਹੁਸ਼ਿਆਰਪੁਰ ਦੇ ਵਿਅਕਤੀ  ਦੀ ਜ਼ਮੀਨ ਦੇ ਵਿਵਾਦ ਚ ਗਈ ਜਾਨ 

ਥਾਣਾ ਭੈਣੀ ਮੀਆਂ ਖਾਂ ਅਤੇ ਹੁਸ਼ਿਆਰਪੁਰ ਦੀ ਪੁਲਸ ਨੇ ਮੌਕੇ ਦਾ ਲਿਆ ਜਾਇਜ਼ਾ 

 ਕਾਹਨੂੰਵਾਨ (ਗੁਰਦਾਸਪੁਰ), 4 ਅਪ੍ਰੈਲ (ਕੁਲਦੀਪ ਜਾਫਲਪੁਰ)। ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਫੁੱਲੜਾ ਵਿਚ ਜ਼ਮੀਨੀ ਵਿਵਾਦ ਦੇ ਕਬਜ਼ੇ ਨੂੰ ਲੈ ਕੇ 4 ਵਿਅਕਤੀਆਂ ਦੇ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਫੁੱਲੜਾ ਦੀ ਮੌਜੂਦਾ ਸਰਪੰਚ ਲਵਲੀ ਦੇਵੀ ਦੇ ਪਤੀ ਸੁਖਰਾਜ ਸਿੰਘ ਉਨ੍ਹਾਂ ਦੇ ਗਵਾਂਢੀ ਨਿਸ਼ਾਨ ਸਿੰਘ ਪੁੱਤਰ ਹੰਸਾ ਸਿੰਘ ਅਤੇ ਜੈਮਲ ਸਿੰਘ ਪੁੱਤਰ ਤੇਜਾ ਸਿੰਘ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਅਮਰਿੰਦਰ ਸਿੰਘ ਪੁੱਤਰ ਦੀਦਾਰ ਸਿੰਘ  ਵਾਸੀ ਦਸੂਹਾ ਇਸ ਗੋਲੀਬਾਰੀ ਦੀ ਘਟਨਾ ਵਿੱਚ ਜਾਨ ਗੁਆ ਬੈਠੇ ਹਨ।

ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਸੂਚਨਾ ਤਹਿਤ  ਸੋਮਵਾਰ ਨੂੰ 11 ਵਜੇ ਦੇ ਕਰੀਬ ਸੁਖਰਾਜ ਸਿੰਘ ਅਤੇ ਉਸਦੇ ਸਾਥੀ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਪਾਣੀ ਦੇ ਰਹੇ ਸਨ। ਇਸ ਦੌਰਾਨ ਨਿਰਮਲ ਸਿੰਘ ਹੁਸ਼ਿਆਰਪੁਰ ਧਿਰ ਕੁੱਝ ਰਕਬੇ ਚ ਗੰਨਾ ਬੀਜਣ ਆਏ ਸਨ। ਜਦੋਂ ਸੁਖਰਾਜ ਸਿੰਘ ਧਿਰ ਵੱਲੋਂ ਉਹਨਾਂ ਨੂੰ ਜ਼ਮੀਨ ਵਾਹੁਣ ਤੋਂ ਰੋਕਿਆ ਤਾਂ ਇਸ ਦੌਰਾਨ ਕੁਝ ਲੋਕ  ਗੱਡੀਆਂ ਤੇ ਸਵਾਰ ਹੋ ਕੇ ਸੁਖਰਾਜ ਸਿੰਘ ਦੇ ਮਾਲਕੀ ਵਾਲੀ ਜ਼ਮੀਨ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਅੰਧਾ ਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਖਰਾਜ ਸਿੰਘ ਵੱਲੋਂ ਵੀ ਬਚਾਅ ਵਿੱਚ ਚਲਾਈਆਂ ਸਨ ਜਿਸ ਨਾਲ ਹਮਲਾਵਰਾਂ ਵਿੱਚੋਂ ਵੀ ਕੁਝ ਲੋਕ ਫੱਟੜ ਹੋਏ ਸਨ ਬਾਅਦ ਵਿੱਚ ਸੁਖਰਾਜ ਸਿੰਘ ਨਿਸ਼ਾਨ ਸਿੰਘ ਅਤੇ ਜੈਮਲ ਸਿੰਘ ਦੀ ਮੌਤ ਹੋ ਗਈ। ਜਿਨ੍ਹਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਹਰਚੋਵਾਲ ਵਿਚ  ਲਿਜਾਇਆ ਗਿਆ। ਇਸ ਮੌਕੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਦੇ ਨਾਲ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਦਸੂਹਾ ਪੁਲਸ ਵੱਲੋਂ ਐੱਸ ਪੀ ਮੁਖਤਿਆਰ ਰਾਏ ਅਤੇ ਹੋਰ ਵੱਡੀ ਗਿਣਤੀ ਵਿੱਚ ਪਹੁੰਚੇ।

ਇਸ ਮੌਕੇ ਦੇ ਚਸ਼ਮਦੀਦ ਵਿਅਕਤੀ ਨੇ ਦੱਸਿਆ ਕਿ 10 ਤੋਂ ਵੱਧ ਗੱਡੀਆਂ ਵਿੱਚ ਆਏ ਲੋਕਾਂ ਨੇ ਆਉਂਦਿਆਂ ਹੀ ਅੰਧਾ ਧੁੰਦ ਸੁਖਰਾਜ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਪਾਣੀ ਲਗਾ ਰਿਹਾ ਸੀ। ਉਸ ਨੇ ਦੱਸਿਆ ਕਿ ਹਮਲਾਵਰ ਲੋਕਾਂ ਨੇ ਉਸਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ ਕੀਤੀ ਪਰ ਉਸਨੇ ਕਿਹਾ ਕਿ ਉਹ ਉਸ ਦਾ ਇਸ ਜ਼ਮੀਨ ਨਾਲ ਜਾਂ ਸੁਖਰਾਜ ਸਿੰਘ ਧਿਰ ਨਾਲ ਕੋਈ ਸਬੰਧ ਨਹੀਂ ਤਾਂ ਉਨ੍ਹਾਂ ਨੇ ਉਸ ਨੂੰ ਉਸ ਦੀ ਜਾਨ ਬਖਸ਼ ਦਿੱਤੀ।

ਇਸ ਸਬੰਧੀ ਜਦੋਂ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਹੁਣ ਤੱਕ 4 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਨਿਰਮਲ ਸਿੰਘ ਨਾਮ ਦਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ । ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਚਸ਼ਮਦੀਦਾਂ ਦੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਲਏ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਕੇ ਇਸ ਘਟਨਾ ਦੇ ਮੂਲ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।

Written By
The Punjab Wire