ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਆਪਣੀ ਮੁਸ਼ਕਿਲਾਂ ਦੱਸਣ ਲਈ ਵਟਸਐਪ ਨੰਬਰ 62393-01830, ਫੋਨ ਕਰਕੇ ਸਮੱਸਿਆ ਦੱਸਣ ਲਈ ਮੋਬਾਇਲ ਨੰਬਰ 94640-67839 ਅਤੇ ਈਮੇਲ ਆਈ ਡੀ ਜਾਰੀ ਕੀਤੀ ਗਈ ਹੈ
ਗੁਰਦਾਸਪੁਰ, 31 ਮਾਰਚ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਨ ਤੇ ਹੱਲ ਕਰਨ ਲਈ ਜਾਰੀ ਕੀਤੇ ਫੋਨ ਨੰਬਰਾਂ ’ਤੇ 11 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਹਿਲਾਂ ਤੋ ਜਾਰੀ ਇੱਕ ਵਟਸਐਪ ਨੰਬਰ 62393-01830 ਤੋਂ ਇਲਾਵਾ ਇੱਕ ਹੋਰ ਫੋਨ ਨੰਬਰ ਕਾਲ ਕਰਨ ਲਈ 94640-67839 ਅਤੇ ਈਮੇਲ ceabranchgsp@gmail.com ਜਾਰੀ ਕੀਤੀ ਸੀ, ਜਿਸ ਰਾਹੀਂ ਲੋਕ ਘਰ ਬੈਠਿਆਂ ਹੀ ਆਪਣੀ ਮੁਸ਼ਕਿਲ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਫੋਨ ਨੰਬਰ 94640-67839 ’ਤੇ 06 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਜਿਸ ਤਹਿਤ ਪਿੰਡ ਸੱਲੋਪੁਰ ਦੇ ਬਲਬੀਰ ਸਿੰਘ ਨੇ ਲੋਕਾਂ ਦੀ ਸਹੂਲਤ ਲਈ ਸੂਆ (ਨਹਿਰ) ’ਤੇ ਪੁਲ ਦੀ ਉਸਾਰੀ ਕਰਨ ਲਈ ਕਿਹਾ ਹੈ। ਪਿੰਡ ਭਗਤੂਪੁਰ ਨੇੜੇ ਬਟਾਲਾ ਦੇ ਪ੍ਰਭਜੋਤ ਸਿੰਘ ਨੇ ਕਰਜਾ ਮਾਅਫੀ ਦੀ ਅਦਾਇਗੀ ਕਰਨ ਸਬੰਧੀ, ਕੁਲਵਿੰਦਰ ਕੋਰ ਗੁਰਦਾਸਪੁਰ ਦੀ ਵਸਨੀਕ ਵਲੋਂ ਗੁਰਦਾਸਪੁਰ-ਮਕੇਰੀਆਂ ਸਰਕਾਰੀ ਬੱਸ ਸਰਵਿਸ ਦੀ ਸਹੂਲਤ ਬਾਰੇ, ਰਜਿੰਦਰ ਸ਼ਰਮਾ ਜੋ ਸੁਵਿਧਾ ਕੇਂਦਰ ਦਾ ਕਰਮਚਾਰੀ ਰਿਹਾ ਹੈ, ਉਸ ਵਲੋਂ ਪੈਸਿਆਂ ਦੇ ਬਕਾਏ ਸਬੰਧੀ, ਹਰਜੀਤ ਸਿੰਘ ਜੋ ਪੰਜਾਬ ਰੋਡਵੇਜ਼ ਵਿਭਾਗ ਵਿਚੋਂ ਸੇਵਾਮੁਕਤ ਹੋਇਆ ਹੈ, ਉਸ ਵਲੋਂ ਸੇਵਾ ਮੁਕਤੀ ਦੇ ਲਾਭ ਜਲਦ ਦੇਣ ਸਬੰਧੀ ਅਤੇ ਫਤਹਿਗੜ੍ਹ ਚੂੜੀਆਂ ਤੋਂ ਹਰਜੀਤ ਸਿੰਘ ਨੇ ਡੀਪੂ ਤੇ ਕਣਕ ਨਾ ਮਿਲਣ ਦੀ ਸ਼ਿਕਾਇਤ ਦੱਸੀ ਹੈ।
ਇਸੇ ਤਰਾਂ ਈਮੇਲ ceabranchgsp@gmail.com ਜਾਰੀ ’ਤੇ ਪ੍ਰਾਪਤ ਸ਼ਿਕਾਇਤਾਂ ਵਿਚ ਗੁਰਦਾਸਪੁਰ ਦੇ ਗੋਲਡਨ ਕਾਲੋਨੀ ਦੇ ਵਸਨੀਕ ਵਲੋਂ ਸਵੀਰੇਜ ਦੀ ਸਮੱਸਿਆ ਹੱਲ ਕਰਨ ਸਬੰਧੀ, ਫਤਿਹਗੜ੍ਹ ਚੂੜੀਆਂ ਤੋਂ ਮਿਲ ਸ਼ਿਕਾਇਤ ਵਿਚ ਝਗੜੇ ਵਾਲੀ ਜਗ੍ਹਾ ਤੇ ਬਿਜਲੀ ਦਾ ਮੀਟਰ ਲਗਾਉਣ ਸਬੰਧੀ, ਪਿੰਡ ਬਿਆਨਪੁਰ ਤੋਂ ਪੰਚਾਇਤੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਛਡਵਾਉਣ ਸਬੰਧੀ ਤੇ ਕਾਹਨੂੰਵਾਨ ਰੋਡ ਗੁਰਦਾਸਪੁਰ ਦੇ ਰਹਿਣ ਵਾਲੇ ਗੁਪਤਾ ਵਲੋਂ ਲਾਇਸੰਸੀ ਹਥਿਆਰ ਜਾਰੀ ਕਰਨ ਸਬੰਧੀ ਅਤੇ ਇਕ ਹੋਰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸੇ ਤਰਾਂ ਵਟਸਐਪ ਨੰਬਰ 62393-01830 ’ਤੇ 05 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਪਰ ਇਹ ਸ਼ਿਕਾਇਤਾਂ ਫੋਨ ਨੰਬਰ 94640-67839 ’ਤੇ ਵੀ ਨੋਟ ਕਰਵਾਈਆਂ ਗਈਆਂ ਸਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਪਰੋਕਤ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਆਦੇਸ਼ ਕੀਤੇ ਗਏ ਹਨ ਤਾਂ ਜੋ ਲੋਕਾਂ ਵੱਲੋ ਦੱਸੀਆਂ ਗਈਆਂ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾ ਸਕੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਾਰੀ ਕੀਤੇ ਉਪਰੋਕਤ ਨੰਬਰਾਂ ਸਮੇਤ ਈ.ਮੇਲ ਆਈ.ਡੀ ਉੱਤੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ, ਜਿਸ ਦਾ ਸਬੰਧਿਤ ਵਿਭਾਗ ਰਾਹੀ ਹੱਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇਗਾ।