ਹੋਰ ਗੁਰਦਾਸਪੁਰ ਪੰਜਾਬ

ਆਸ਼ਾ ਵਰਕਰਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਐਲਾਨੀ ਤਨਖਾਹ ਜਾਰੀ ਕਰਨ ਦੀ ਮੰਗ ਨੇ ਜ਼ੋਰ ਫੜਿਆ

ਆਸ਼ਾ ਵਰਕਰਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਐਲਾਨੀ ਤਨਖਾਹ ਜਾਰੀ ਕਰਨ ਦੀ ਮੰਗ ਨੇ ਜ਼ੋਰ ਫੜਿਆ
  • PublishedMarch 22, 2022

ਹੱਕੀ ਮੰਗਾਂ ਮਨਵਾਉਣ ਲਈ 28-29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ।

ਗੁਰਦਾਸਪੁਰ 22 ਮਾਰਚ (ਮੰਨਣ ਸੈਣੀ )। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 28ਮਾਰਚ ਤੋਂ 29 ਮਾਰਚ ਤੱਕ ਹੋ ਰਹੀ ਦੇਸ਼ ਪੱਧਰੀ ਹੜਤਾਲ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਹੜਤਾਲ ਵਿੱਚ ਸ਼ਾਮਲ ਹੋਣਗੀਆਂ। ਮੋਦੀ ਸਰਕਾਰ ਵੱਲੋਂ ਲਏ ਕਿਰਤ ਕਾਨੂੰਨ ਵਿਰੋਧੀ ਫੈਸਲਿਆਂ ਕਾਰਨ ਮਜ਼ਦੂਰ ਜਮਾਤ ਵਿਚ ਰੋਸ ਫੈਲ ਗਿਆ ਹੈ। ਉਥੇ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀਆਂ ਹੱਕੀ ਮੰਗਾਂ ਤੋ ਲਗਾਤਾਰ ਟਾਲ਼ਾ ਵੱਟਣਾ ਰੋਸ ਦਾ ਕਾਰਨ ਹੈ। ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਮਕੌਰ ਸਾਹਿਬ ਵਿਖੇ ਆਸ਼ਾ ਵਰਕਰਾਂ, ਫੈਸੀਲੀਟੇਟਰਜ ਦੇ ਵੱਡੇ ਇਕੱਠ ਵਿੱਚ ਹੋਰ ਸਹੂਲਤਾਂ ਦੇਣ ਦੇ ਨਾਲ ਨਾਲ 2500 ਰੁਪਏ ਮਹੀਨਾ ਤਨਖਾਹ ਦੇਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਸਿਹਤ ਵਿਭਾਗ ਵੱਲੋਂ 7 ਜਨਵਰੀ ਨੂੰ ਚੋਣ ਜ਼ਾਬਤੇ ਦੇ ਐਲਾਨ ਤੋਂ ਪਹਿਲਾਂ ਬਾਕਾਇਦਾ ਪੱਤਰ ਜਾਰੀ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਸੀ।

ਪੰਜਾਬ ਦੀਆਂ 35000 ਦੇ ਲੱਗ ਭੱਗ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਖਾਤਿਆਂ ਵਿਚ ਤਨਖਾਹ ਨਾ ਪੈਣ ਕਾਰਨ ਆਪਣੇ ਆਪ ਨੂੰ ਠੱਗੀਆਂ ਮਹਿਸੂਸ ਕਰ ਰਹੀਆਂ ਹਨ। ਇਸਦੇ ਉਲਟ ਮੁੱਖ ਚੋਣ ਕਮਿਸ਼ਨਰ ਦੀਆਂ ਹਿਦਾਇਤਾਂ ਅਨੁਸਾਰ ਸਮੁੱਚੇ ਵੋਟਰਾਂ ਦਾ ਕੋਵਿਡ ਟੀਕਾਕਰਨ ਵਾਸਤੇ ਐਲਾਨੀ ਪਰ ਉਤਸ਼ਾਹਿਤ ਰਾਸ਼ੀ ਵੀ ਵਰਕਰਾਂ ਨੂੰ ਨਸੀਬ ਨਹੀਂ ਹੋਈ। ਭਾਵੇਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੀ ਉਜਰਤ ਦੁਗਣੀ ਕਰਨ ਦੀ ਗਰੰਟੀ ਦੇ ਕੇ ਸੱਤਾ ਹਾਸਲ ਕੀਤੀ ਹੈ। ਅਤੇ ਵਿਧਾਨ ਸਭਾ ਇਜਲਾਸ ਵਿੱਚ ਮਾਨਯੋਗ ਰਾਜਪਾਲ ਜੀ ਦੇ ਭਾਸ਼ਣ ਦੌਰਾਨ ਇਸ ਦਾ ਜ਼ਿਕਰ ਵੀ ਕੀਤਾ ਹੈ। ਜਿਸ ਦਾ ਜਥੇਬੰਦੀ ਵੱਲੋਂ ਸੁਆਗਤ ਕੀਤਾ ਹੈ। ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਬਲਵਿੰਦਰ ਕੌਰ ਅਲੀ ਸ਼ੇਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਸਿਹਤ ਮੰਤਰੀ ਪੰਜਾਬ ਮੰਗ ਕੀਤੀ ਹੈ ਕਿ ਪਿਛਲੀ ਸਰਕਾਰ ਨਾਲ ਵਰਕਰਾਂ ਦੀ ਮਹੀਨਾਵਾਰ ਤਨਖਾਹ ਲਗਵਾਉਣ ਦੇ ਫੈਸਲੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਅਤੇ ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਬਣਦਾ ਮਿਹਨਤਾਨੇ ਦੀ ਰਾਸ਼ੀ ਜਾਰੀ ਕਰਨ, ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਵਰਕਰਾਂ ਦੀ ਖਜਲ ਖ਼ੁਆਰੀ ਰੋਕਣ ਦਾ ਮੁੱਦਾ ਵੀ ਉਠਾਇਆ ਗਿਆ ਹੈ।

ਜਥੇਬੰਦੀ ਦੀ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮ ਨੇ ਸਮੁੱਚੀਆਂ ਵਰਕਰਾਂ ਨੂੰ 28 ਮਾਰਚ ਨੂੰ ਹੜਤਾਲ ਕਰਕੇ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਮਜ਼ਦੂਰ ਜਮਾਤ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਗਿਆਰਾਂ ਵਜੇ ਪੁੱਜਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਸੂਬਾਈ ਪ੍ਰਚਾਰ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ, ਕਾਂਤਾ ਦੇਵੀ ਬਟਾਲਾ, ਮੀਰਾਂ ਦੇਵੀ ਕਾਹਨੂੰਵਾਨ, ਗੁਰਵਿੰਦਰ ਕੌਰ ਦੁਰਾਗਲਾ , ਹਰਪ੍ਰੀਤ ਕੌਰ ਤੁੰਗ, ਅਤੇ ਅਮਰਜੀਤ ਸ਼ਾਸਤਰੀ ਮੁੱਖ ਸਲਾਹਕਾਰ ਨੇ ਹੜਤਾਲ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕਰਨ ਦੀ ਅਪੀਲ ਕੀਤੀ।

Written By
The Punjab Wire