ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਲਈ ਵਿਸ਼ੇਸ ਬੱਸਾਂ ਚਲਾਉਣਾ ਸ਼ਲਾਘਾਯੋਗ ਕਾਰਜ-ਰਮਨ ਬਹਿਲ, ਸਾਬਕਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ
ਸਥਾਨਕ ਪੰਚਾਇਤ ਭਵਨ ਤੋਂ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਹਫਤਾਵਾਰੀ ਵਿਸ਼ੇਸ ਬੱਸ ਰਵਾਨਾ
ਬਿਆਸ ਦਰਿਆ ਨੇੜਲੇ ਪਿੰਡ ਮੋਜਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਵਿਸ਼ੇਸ ਬੱਸ ਚਲਾਉਣ ਦਾ ਕੀਤਾ ਆਗਾਜ਼
ਗੁਰਦਾਸਪੁਰ, 20 ਮਾਰਚ ( ਮੰਨਣ ਸੈਣੀ ) । ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਜ਼ਿਲੇ ਦੇ ਇਤਿਹਿਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਫਤਾਵਾਰੀ ਵਿਸ਼ੇਸ ਬੱਸ ਮੁੜ ਤੋਂ ਰਵਾਨਾ ਕੀਤੀ ਗਈ, ਜਿਸ ਨੂੰ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਰਮਨ ਬਹਿਲ ਆਪ ਪਾਰਟੀ ਦੇ ਆਗੂ ਤੇ ਸਾਬਕਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਵਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ. ਬਲਦੇਵ ਸਿੰਘ ਬਾਜਵਾ ਐਕਸੀਅਨ ਪੰਜਾਬ ਮੰਡੀ ਬੋਰਡ, ਹਰਮਨਜੀਤ ਸਿੰਘ ਸੈਕਟਰੀ ਜਿਲਾ ਹੋਰੀਟੇਜ ਸੁਸਾਇਟੀ, ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਤੇ ਦਮਨਜੀਤ ਸਿੰਘ, ਇੰਚਾਰਜ ਛੋਟਾ ਘੱਲੂਘਾਰਾ ਸਮਾਰਕ ਵੀ ਮੋਜੂਦ ਸਨ।
ਸਥਾਨਕ ਪੰਚਾਇਤ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 31 ਜਨਵਰੀ 2021 ਨੂੰ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਵਿਧਾਨ ਸਭਾ ਚੋਣਾਂ ਹੋਣ ਕਾਰਨ ਬੱਸਾਂ ਕੁਝ ਸਮੇਂ ਲਈ ਬੰਦ ਕੀਤੀਆਂ ਗਈਆਂ ਸਨ ਪਰ ਅੱਜ ਦੁਬਾਰਾ ਗੁਰਦਾਸਪੁਰ ਤੇ ਬਟਾਲਾ ਤੋਂ ਬੱਸਾਂ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਅੱਗੇ ਦੱਸਿਆ ਕਿ ਜਿਲਾ ਹੈਰੀਟੇਜ ਸੁਸਾਇਟੀ ਵਲੋਂ ਗੁਰਦਾਸਪੁਰ ਜ਼ਿਲੇ ਨੂੰ ਸੈਰ-ਸਪਾਟਾ ਵਜੋਂ ਵਿਕਸਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਤਾਂ ਜੋ ਜ਼ਿਲਾ ਵਾਸੀ ਤੇ ਖਾਸਕਰਕੇ ਨੋਜਵਾਨ ਪੀੜ੍ਹੀ ਆਪਣੇ ਅਮੀਰ ਵਿਰਸੇ ਪ੍ਰਤੀ ਜਾਗਰੂਕ ਹੋ ਸਕੇ। ਉਨਾਂ ਅੱਗੇ ਦੱਸਿਆ ਕਿ 23 ਮਾਰਚ ਨੂੰ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਬ ਵਿਖੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਜਾਵੇਗਾ।
ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ ਸਾਬਕਾ ਚੇਅਰਮੈਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤਾ ਗਿਆ ਉਪਰਾਲਾ ਬਹੁਤ ਸ਼ਾਨਦਾਰ ਹੈ ਅਤੇ ਜਿਲਾ ਵਾਸ ਵਿਸ਼ੇਸ ਬੱਸਾਂ ਰਾਹੀਂ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰ ਰਹੇ ਹਨ। ਉਨਾਂ ਕਿਹਾ ਕਿ ਗੁਰਦਾਸਪੁਰ ਜਿਲੇ ਨੂੰ ਸੈਰ ਸਪਾਟਾ ਵਜੋਂ ਪ੍ਰਫੁੱਲਤ ਕਰਨ ਦੀਆਂ ਅਸੀਮ ਸੰਭਾਵਨਾਵਾਂ ਹਨ ਅਤੇ ਜ਼ਿਲਾ ਗੁਰਦਾਸਪੁਰ ਧਾਰਮਿਕ ਤੇ ਇਤਿਹਾਸਕ ਪਲਾਂ ਦਾ ਗਵਾਹ ਰਿਹਾ ਹੈ। ਇਸ ਮੌਕੇ ਉਨਾਂ ਜ਼ਿਲਾ ਵਾਸੀਆਂ ਨੂੰ ਵਿਸ਼ੇਸ ਬੱਸਾਂ ਰਾਹੀਂ ਵੱਧ ਤੋਂ ਵੱਧ ਯਾਤਰਾ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਏ ਯਾਤਰੀਆਂ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਇਸ਼ ਯਤਨ ਨਾਲ, ਖਾਸਕਰਕੇ ਨੋਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਦੇ ਬਾਰੇ ਵੱਡਮੁੱਲੀ ਜਾਣਕਾਰੀ ਮਿਲਦੀ ਹੈ ਅਤੇ ਉਨਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਉਨਾਂ ਵਿਸ਼ੇਸ ਬੱਸ ਰਾਹੀਂ ਜ਼ਿਲੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਮੁਫਤ ਦਰਸ਼ਨ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦਾ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਮੁਫ਼ਤ ਬੱਸ ਯਾਤਰਾ ਰਾਹੀ ਯਾਤਰੀਆਂ ਨੂੰ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ, ਜੋੜਾ ਛੱਤਰਾਂ, ਬਾਵਾ ਲਾਲ ਜੀ ਦੇ ਮੰਦਰ ਧਿਆਨਪੁਰ ਤੇ ਕੈਸ਼ੋਪੁਰ ਛੰਬ ਵਿਖੇ ਲਿਜਾਇਆ ਗਿਆ।
ਬਿਆਸ ਦਰਿਆ ਨੇੜਲੇ ਟਾਪੂਨੁਮਾ ਪਿੰਡ ਮੋਜਪੁਰ ਲਈ ਵਿਸ਼ੇਸ ਬੱਸ ਚਲਾਉਣ ਦਾ ਆਗਾਜ਼
ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਸ੍ਰੀ ਰਮਨ ਬਹਿਲ ਆਪ ਪਾਰਟੀ ਦੇ ਆਗੂ ਤੇ ਸਾਬਕਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਵਲੋ ਬਿਆਸ ਦਰਿਆ ਨੇੜਲੇ ਟਾਪੂੁਨਮਾ ਪਿੰਡ ਮੋਜਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਦੇ ਮੰਤਵ ਨਾਲ ਵਿਸ਼ੇਸ ਬੱਸ ਚਲਾਉਣ ਦੀ ਸ਼ੁਰੂਆਤ ਵੀ ਕੀਤੀ ਗਈ। ਅੱਜ ਪਹਿਲੇ ਦਿਨ ਸ. ਬਲਦੇਵ ਸਿੰਘ ਬਾਜਵਾ ਐਕਸੀਅਨ ਮੰਡੀ ਬੋਰਡ ਗੁਰਦਾਸਪੁਰ ਦੇ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਇਸ ਸਥਾਨ ਦਾ ਦੋਰਾ ਕੀਤਾ ਗਿਆ ।
ਇਸ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਮੋਜਪੁਰ ਜੋ ਬਿਆਸ ਦਰਿਆ ਦੇ ਬਿਲਕੁਲ ਨਜ਼ਦੀਕ ਹੈ ਅਤੇ ਇਥੇ ਲੰਘਦੇ ਬਿਆਸ ਦਰਿਆ ਦੇ ਵਿਚ ਇਕ ਟਾਪੂਨੁਮਾ ਖੇਤਰ ਹੈ, ਜਿਸ ਨੂੰ ਜਿਲਾ ਪ੍ਰਸ਼ਾਸਨ ਵਲੋਂ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜਿਥੇ ਇਸ ਖੇਤਰ ਨੂੰ ਸੈਰ ਸਪਾਟਾ ਵਜੋਂ ਪ੍ਰਫੁੱਲਤ ਕੀਤਾ ਜਾਵੇਗਾ, ਉਸ ਦੇ ਨਾਲ-ਨਾਲ ਇਸ ਪਿੰਡ ਦੇ ਨੋਜਵਾਨਾਂ ਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਰਾਲੇ ਉਲੀਕੇ ਗਏ ਹਨ।