ਹੋਰ ਕ੍ਰਾਇਮ ਪੰਜਾਬ ਮੁੱਖ ਖ਼ਬਰ

ਪੰਜਾਬ ਪੁਲਿਸ ਨੇ ਨਾਮਵਰ ਕੌਮਾਂਤਰੀ ਕਬੱਡੀ ਖਿਡਾਰੀ ਦੇ ਕ਼ਤਲ ਦੀ ਗੁੱਥੀ ਸੁਲਝਾਈ; ਚਾਰ ਗ੍ਰਿਫਤਾਰ

ਪੰਜਾਬ ਪੁਲਿਸ ਨੇ ਨਾਮਵਰ ਕੌਮਾਂਤਰੀ ਕਬੱਡੀ ਖਿਡਾਰੀ ਦੇ ਕ਼ਤਲ ਦੀ ਗੁੱਥੀ ਸੁਲਝਾਈ; ਚਾਰ ਗ੍ਰਿਫਤਾਰ
  • PublishedMarch 19, 2022

ਵਿਦੇਸ਼ੀ ਮੂਲ ਦੇ ਤਿੰਨ ਵਿਅਕਤੀਆਂ ਦੀ ਮੁੱਖ ਸਾਜਿ਼ਸ਼-ਘਾੜਿਆਂ ਵਜੋਂ ਪਛਾਣ ; ਤਿੰਨਾਂ `ਤੇ ਮੁਕੱਦਮਾ ਦਰਜ

ਚੰਡੀਗੜ੍ਹ /ਜਲੰਧਰ, 19 ਮਾਰਚ: ਪੰਜਾਬ ਪੁਲਿਸ ਨੇ ਕੌਮਾਂਤਰੀ ਕਬੱਡੀ ਖਿਡਾਰੀ ਦੇ ਕਤਲ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ, ਇਸ ਕਤਲ ਦੀ ਸਾਜਿ਼ਸ਼ ਰਚਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਵੱਡੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਹੈ।

ਦੱਸਣਯੋਗ ਹੈ ਕਿ 14 ਮਾਰਚ, 2022 ਨੂੰ ਸ਼ਾਮ 6 ਵਜੇ ਦੇ ਕਰੀਬ ਜਲੰਧਰ ਦੇ ਪਿੰਡ ਮੱਲ੍ਹੀਆਂ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਗ੍ਰਿਫਤਾਾਰ ਕੀਤੇ ਵਿਅਕਤੀਆਂ ਦੀ ਪਛਾਣ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ , ਕੌਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ ,ਗੁਰੂਗ੍ਰਾਮ, ਹਰਿਆਣਾ, ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਾਂ ਦੇ ਅਮਿਤ ਡਾਗਰ; ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਪਿੰਡ ਮਾਧੋਪੁਰ ਪੀਲੀਭੀਤ, ਯੂ.ਪੀ. ਵਜੋਂ ਹੋਈ ਹੈ। ਇਹ ਚਾਰੇ  ਅਪਰਾਧੀ, ਜੋ ਹਿਸਟਰੀਸ਼ੀਟਰ ਹਨ ਅਤੇ 20 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਨ੍ਹਾਂ ਵਿੱਚ ਜਿ਼ਆਦਾਤਰ ਕਤਲ ਅਤੇ ਇਰਾਦਾ ਕ਼ਤਲ ਦੇ ਕੇਸ ਹਨ, `ਚ ਲੋੜੀਂਦੇ ਹਨ,  ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ ਗਿਆ ਸੀ।

ਪੁਲਿਸ ਨੇ ਤਿੰਨ ਮੁੱਖ ਸਾਜਿਸ਼ਘਾੜਿਆਂ ਨੂੰ ਵੀ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੀ ਪਛਾਣ ਸਨੋਵਰ ਢਿੱਲੋਂ, ਜੋ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਅੱਜ-ਕੱਲ੍ਹ ਬਰੈਂਪਟਨ, ਓਨਟਾਰੀਓ, ਕੈਨੇਡਾ ਵਿੱਚ ਰਹਿੰਦਾ ਹੈ ਅਤੇ ਕੈਨੇਡੀਅਨ ਸੱਥ ਟੀਵੀ ਅਤੇ ਰੇਡੀਓ ਸ਼ੋਅ ਦਾ ਨਿਰਮਾਤਾ ਅਤੇ ਨਿਰਦੇਸ਼ਕ ਹੈ; ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਵਾਸੀ ਪਿੰਡ ਦੁੱਨੇਕੇ,ਵਾਸੀ ਮੋਗਾ ਅਤੇ ਜੋ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ `ਚ ਰਹਿ ਰਿਹਾ ਹੈ, ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ, ਲੁਧਿਆਣਾ ਜ਼ੋ ਮੌਜੂਦਾ ਸਮੇਂ ਵਿੱਚ ਮਲੇਸ਼ੀਆ ਵਿੱਚ ਰਹਿ ਰਿਹਾ ਹੈ,ਵਜੋਂ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.)  ਪੰਜਾਬ ਵੀ.ਕੇ ਭਾਵਰਾ ਨੇ ਸ਼ਨਿਚਵਾਰ ਨੂੰ ਦੱਸਿਆ ਕਿ ਪੂਰੀ ਬਾਰੀਕਬੀਨੀ ਜਾਂਚ ਅਤੇ ਇਤਲਾਹ ਦੇ ਅਧਾਰ `ਤੇ, ਜਲੰਧਰ ਦਿਹਾਤੀ ਪੁਲਿਸ ਨੇ ਫਤਹਿ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ `ਤੇ ਲਿਆਂਦਾ  ਸੀ।

ਡੀ.ਜੀ.ਪੀ. ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਫਤਹਿ ਸਿੰਘ ਨੇ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਨੇ “ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ” ਬਣਾਈ ਸੀ ਅਤੇ ਵੱਖ-ਵੱਖ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿੱਚ ਸ਼ਾਮਲ ਕਰਨ ਲਈ  ਕੋਸਿ਼ਸ਼ ਕਰ ਰਿਹਾ ਸੀ। ਫਤਿਹ ਨੇ ਦੱਸਿਆ ਕਿ  ਜਿ਼ਆਦਾਤਰ ਨਾਮਵਰ ਖਿਡਾਰੀ ਮ੍ਰਿਤਕ ਸੰਦੀਪ ਵੱਲੋਂ ਚਲਾਏ ਜਾ ਰਹੇ “ਮੇਜਰ ਲੀਗ ਕਬੱਡੀ” ਨਾਲ ਜੁੜੇ ਹੋਏ ਸਨ, ਜੋ ਕਿ ਸਨੋਵਰ ਦੀ ਫੈਡਰੇਸ਼ਨ ਲਈ ਅਸਫਲਤਾ ਸਾਬਿਤ ਹੋ ਰਹੀ ਸੀ।ਫਤਹਿ ਨੇ ਕਬੂਲਿਆ ਕਿ ਉਸਨੇ ਵੀ ਕੁਝ ਖਿਡਾਰੀਆਂ `ਤੇ ਸਨੋਵਰ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਸੀ।

ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਜਲੰਧਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਫਤਹਿ ਨੇ ਕਬੂਲਿਆ ਹੈ  ਕਿ ਸਨੋਵਰ ਦੀਆਂ ਹਦਾਇਤਾਂ `ਤੇ ਉਸ ਨੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸੰਦੀਪ ਨੂੰ ਮੌਤ ਦੇ ਘਾਟ ਉਤਾਰਨ ਲਈ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਸੁਖ ਦੁੱਨੇਕੇ ਦੇ ਨਿਰਦੇਸ਼ਾਂ `ਤੇ ਸਿਮਰਨਜੀਤ ਉਰਫ਼ ਜੁਝਾਰ ਨੇ ਅੰਮਿ੍ਤਸਰ ਦੇ ਪ੍ਰੀਤਮ ਐਨਕਲੇਵ ਵਿਖੇ ਆਪਣੇ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਸ਼ੂਟਰਾਂ ਨੂੰ ਛੁਪਣਗਾਹ ਮੁਹੱਈਆ ਕਰਵਾਈ ਸੀ । ਪੁਲਿਸ ਨੇ ਸਵਰਨ ਦੇ ਘਰੋਂ 18 ਜਿੰਦਾ ਕਾਰਤੂਸ ਅਤੇ 12 ਬੋਰ ਰਾਈਫਲ ਬਰਾਮਦ ਕੀਤੇ ਹਨ ਅਤੇ ਫਰਾਰ ਹੋਏ ਸਵਰਨ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ।

ਐਸ.ਐਸ.ਪੀ. ਨੇ ਕਿਹਾ ਕਿ ਗੋਲੀ ਚਲਾਉਣ ਵਾਲਿਆਂ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Written By
The Punjab Wire