ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਬਾਜਵਾ ਦਾ ਨਾਮ ਸਭ ਤੋਂ ਉਪਰ, 2024 ਲੋਕ ਸਭਾ ਤੋਂ ਪਹਿਲਾ ਖਾਮਿਆਂ ਦੂਰ ਕਰੇਗੀ ਕਾਂਗਰਸ
ਗੁਰਦਾਸਪੁਰ, 14 ਮਾਰਚ (ਮੰਨਣ ਸੈਣੀ)। ਪੰਜਾਬ ਵਿੱਚ ਆਪਣੀ ਬੁਰੀ ਚੋਣ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਅਤੇ ਨਵੀਂ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਨੇਤਾ ਦੀ ਚੋਣ ਨੂੰ ਲੈ ਕੇ ਪਾਰਟੀ ਅੰਦਰ ਮੰਥਨ ਸ਼ੁਰੂ ਹੋ ਗਿਆ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਸਾਰੇ ਨੇਤਾਵਾਂ ਦੇ ਨਿਸ਼ਾਨੇ ‘ਤੇ ਹੋਣ ਕਾਰਨ ਉਨ੍ਹਾਂ ਦੀ ਥਾਂ ਕਿਸੇ ਹੋਰ ਵੱਡੇ ਲੀਡਰ ਦੀ ਦਿੱਤੇ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਪਾਰਟੀ ਹਾਈਕਮਾਂਡ ਵੱਲੋਂ ਅਧਿਕਾਰਤ ਤੌਰ ‘ਤੇ ਕੋਈ ਸ਼ਬਦ ਨਹੀਂ ਕਹੇ ਗਏ ਹਨ, ਪਰ ਲੀਡਰਸ਼ਿਪ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਹੁਣ ਉਹਨਾਂ ਕਾਂਗਰਸੀ ਨੂੰ ਅੱਗੇ ਕਰਣ ਤੇ ਵਿਚਾਰ ਕਰ ਰਹੀ ਹੈ ਜਿਹਨਾਂ ਅੰਦਰ ਕਾਂਗਰਸ ਦਾ ਡੀਐਨਏ ਹੈ ਅਤੇ ਜਿਹੜੇ ਕਾਂਗਰਸ ਦੇ ਕਲਚਰ ਤੋਂ ਪੂਰੀ ਤਰਾਂ ਅਵਗਤ ਹੈ। ਕਾਂਗਰਸ ਦਾ ਉਦੇਸ਼ 2024 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੀ ਤਰਾਂ ਤਿਆਰ ਕਰ ਲੈਣਾ ਹੈ।
ਕਈ ਕਾਂਗਰਸੀ ਆਗੂਆਂ ਵੱਲੋਂ ਸੂਬਾ ਇਕਾਈ ਦੀ ਵਾਗਡੋਰ ਰਵਾਇਤੀ ਕਾਂਗਰਸੀ ਆਗੂ ਨੂੰ ਦੇਣ ਦਾ ਮੁੱਦਾ ਹੁਣ ਬੇਹਦ ਜ਼ੋਰ ਫੜ ਗਿਆ ਹੈ ਅਤੇ ਕਾਂਗਰਸ ਕਿਸੇ ਐਸੇ ਲੀਡਰ ਦੀ ਤਲਾਸ਼ ਵਿੱਚ ਹੈ ਜੋਂ ਬੇਦਾਗ ਹੋਵੇ ਅਤੇ ਜਿਸ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕਾਬਲਿਅਤ ਹੋਵੇ। ਹਾਲਾਕਿ ਕਾਂਗਰਸੀ ਲੀਡਰਾਂ ਲਈ ਸਭ ਤੋਂ ਪਹਿਲਾਂ ਆਪਸੀ ਲੜਾਈ ਨੂੰ ਭੱਲ ਕੇ ਇੱਕ ਜੁੱਟ ਹੋ ਕੇ ਚੱਲਣਾ ਸਭ ਤੋਂ ਵੱਡੀ ਜੰਗ ਫਤੇਹ ਕਰਨਾ ਹੋਵੇਗਾ।
ਕਾਂਗਰਸ ਦੇ ਸੂਤਰਾਂ ਦਾ ਕਹਿਣਾ ਹੈ ਕਿ 2017 ਵਿੱਚ 77 ਤੋਂ 18 ਸੀਟਾਂ ਤੱਕ ਘਟਣ ਤੋਂ ਬਾਅਦ, ਪਾਰਟੀ ਕੋਲ ਸੀਐਲਪੀ ਨੇਤਾ ਦੀ ਚੋਣ ਕਰਨ ਲਈ ਵੀ ਬਹੁਤ ਘੱਟ ਵਿਕਲਪ ਬਚਿਆ ਹੈ। ਉਹਨਾਂ ਅਨੁਸਾਰ ਕਾਦੀਆਂ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (ਡੇਰਾ ਬਾਬਾ ਨਾਨਕ), ਤ੍ਰਿਪਤ ਰਜਿੰਦਰ ਬਾਜਵਾ (ਫਤਿਹਗੜ੍ਹ ਚੂੜੀਆਂ) ਇਸ ਅਹੁਦੇ ਲਈ ਮੁੱਖ ਦਾਅਵੇਦਾਰ ਹਨ। ਬਾਜਵਾ ਦਾ ਨਾਮ ਇਸ ਕਰਕੇ ਸਭ ਤੋਂ ਉਪਰ ਚੱਲ ਰਿਹਾ ਹੈ ਕਿ ਕਿਉਕਿ ਉਹਨਾਂ ਕੋਲ ਰਾਜ ਸਭਾ ਦਾ ਪੂਰਾ ਤਜੂਰਬਾ ਹੈ ਅਤੇ ਉਹ ਰਾਜ ਸਭਾ ਦੀ ਸੁਬਾਰਡਿਨੈਟ ਲੈਜਿਸਲੇਸ਼ਨ ਦੇ ਚੇਅਰਮੈਨ ਦਾ ਵੀ ਤਜੂਰਬਾ ਹੈ। ਪਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਦੀ ਮੌਜੂਦਾ ਕਾਂਗਰਸ ਦੇ ਜਿੱਤੇ ਹੋਏ ਵਿਧਾਇਕਾ ਨਾਲ ਚੰਗਾ ਤਾਲਮੇਲ ਉਹਨਾਂ ਦਾ ਪੱਖ ਪੂਰ ਰਿਹਾ ਹੈ। ਜ਼ਿਲਾ ਗੁਰਦਾਸਪੁਰ ਹੀ ਅਜ਼ਿਹਾ ਜਿਲਾ ਹੈ ਜਿੱਥੋ ਕਾਂਗਰਸ ਦੇ ਜਰਨੈਲਾ ਨੇ ਜਿਲੇ ਦੀਆਂ ਪੰਜ ਸੀਟਾਂ ਜਿੱਤ ਕੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਹੈ।
ਦੁਜੇ ਪਾਸੇ ਅਗਰ ਗੱਲ ਕਾਂਗਰਸ ਪ੍ਰਧਾਨ ਦੀ ਕੀਤੀ ਜਾਵੇ ਤਾਂ ਵੀ ਮੁੱਖ ਤੋਰ ਤੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਨੀਲ ਜਾਖੜ ਦੇ ਨਾਮ ਤੇ ਮੋਹਰ ਲਗਾਈ ਜਾ ਸਕਦੀ ਹੈ। ਜਿਸ ਦਾ ਕਾਰਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਵੇਲੇ ਹੀ ਉਹਨਾਂ 2017 ਦੀਆਂ ਚੋਣਾਂ ਤੋਂ ਪਹਿਲਾ ਕਾਂਗਰਸ ਨੂੰ ਇੱਕਜੁਟ ਕਰ ਕਾਂਗਰਸ ਲਈ ਪਿੱਚ ਸਜਾਈ ਪਰ ਉਹਨਾਂ ਦੇ ਸਜਾਏ ਮੈਦਾਨ ਤੇ ਕੈਪਟਨ ਅਮਰਿੰਦਰ ਸਿੰਘ ਮੈਚ ਖੇਲ ਗਏ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਪਹਿਲਾ ਹੀ ਆਪਣੇ ਦਿੱਲ ਦੀ ਗੱਲ਼ ਮੀਡਿਆ ਨੂੰ ਦੱਸ ਚੁੱਕੇ ਸਨ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਜਾਵੇ ਤਾਂ ਜੋਂ ਉਹ ਪਾਰਟੀ ਅੰਦਰ ਅਨੂਸ਼ਾਸਨ ਲਿਆ ਸਕਣ। ਸੁਨੀਲ ਜਾਖੜ ਵੀ ਪ੍ਰਧਾਨਗੀ ਦੀ ਰੇਸ ਲਈ ਲੜਾਈ ਲੜ ਰਹੇ ਹਨ ਪਰ ਸੁੱਖਜਿੰਦਰ ਰੰਧਾਵਾ ਦਾ ਕਹਿਣਾ ਸੀ ਕਿ ਉਹਨਾਂ ਦੇ ਬੇਬਾਕ ਬੋਲਾਂ ਕਾਰਣ ਹੀ ਕਾਂਗਰਸ ਦੀ ਅੱਜ ਇਹ ਹਾਲਤ ਹੋਈ ਹੈ।
ਖੈਰ ਅਗਰ ਕਾਂਗਰਸ ਵਿੱਚ ਬਣੇ ਧੜੀਆਂ ਦੀ ਗੱਲ ਕੀਤੀ ਜਾਵੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਗੁੱਟ ਕੋਲ ਪ੍ਰਤਾਪ ਬਾਜਵਾ ਨਾਲੋਂ ਜਿਆਦਾ ਸਮਰਥਕ ਹਨ। ਪਰ ਪ੍ਰਤਾਪ ਸਿੰਘ ਬਾਜਵਾ ਕੋਲ ਜਿਆਦਾ ਅਨੁਭਵ ਹੈ ਅਤੇ ਬਾਜਵਾ ਤੇ ਕਾਂਗਰਸ ਹਾਈਕਮਾਨ ਦਾ ਪੂਰਾ ਭਰੋਸਾ ਕਾਇਮ ਹੈ। ਜਦਕਿ ਰੰਧਾਵਾ ਹਾਈਕਮਾਨ ਤੇ ਹੀ ਸਵਾਲ ਖੜੇ ਕਰ ਚੁੱਕੇ ਹਨ।