ਗੁਰਦਾਸਪੁਰ 5 ਮਾਰਚ (ਮੰਨਣ ਸੈਣੀ)। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪਾਉਣ ਦੇ ਅਮਲ ਨੂੰ ਪੂਰਾ ਹੋਇਆ ਪੰਦਰਾਂ ਦਿਨ ਪੂਰੇ ਹੋਣ ਦੇ ਬਾਵਜੂਦ ਵੀ ਦੀਨਾਨਗਰ ਵਿਧਾਨ ਸਭਾ ਹਲਕੇ ਵਿਚ ਵੱਖ ਵੱਖ ਪੋਲਿੰਗ ਬੂਥਾਂ ਤੇ ਡਿਊਟੀ ਨਿਭਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਅਜੇ ਤੱਕ ਉਨ੍ਹਾਂ ਦਾ ਬਣਦਾ ਮਿਹਨਤਾਨਾ ਪ੍ਰਾਪਤ ਨਹੀਂ ਹੋਇਆ। ਜਿਸ ਕਰਕੇ ਇਲਾਕੇ ਦੀਆਂ ਸਮੁੱਚੀਆਂ ਆਸ਼ਾ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਰਕਰਾਂ ਨੇ ਮੁੱਖ ਚੋਣ ਅਧਿਕਾਰੀ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਂਦੇ ਹੋਏ ਮੰਗ ਕੀਤੀ ਹੈ ਕਿ ਵਰਕਰਾਂ ਨੂੰ ਉਨ੍ਹਾਂ ਦੀ ਡਿਊਟੀ ਦੇ ਬਣਦੇ ਪੈਸੇ ਤੁਰੰਤ ਦਿਵਾਏ ਜਾਣ।
ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੀ ਪ੍ਰਧਾਨ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਗੁਰਵਿੰਦਰ ਕੌਰ ਬਹਿਰਾਮਪੁਰ ਜਰਨਲ ਸਕੱਤਰ ਨੇ ਜ਼ਿਲੇ ਵਿਚ ਚੋਣ ਡਿਊਟੀ ਦੇ ਮਿਹਨਤਾਨੇ ਦੀ ਕਾਣੀ ਵੰਡ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਹੁਤੇ ਪੋਲਿੰਗ ਬੂਥਾਂ ਤੇ ਇੱਕ ਆਸ਼ਾ ਵਰਕਰ ਤੋਂ ਤਿੰਨ ਤਿੰਨ ਪੋਲਿੰਗ ਬੂਥ ਤੇ ਕੰਮ ਲਿਆ ਗਿਆ ਅਤੇ ਮਿਹਨਤਾਨੇ ਦੇ ਪੈਸੇ ਸਿਰਫ ਇੱਕ ਬੂਥ ਦੇ ਦਿੱਤੇ ਗਏ। ਅਤੇ ਕਈ ਬੂਥਾਂ ਤੇ ਦੋ ਆਸ਼ਾ ਵਰਕਰਾਂ ਦੀ ਡਿਊਟੀ ਇਕ ਬੂਥ ਤੇ ਲਗਾਈ ਗਈ ਪਰ ਮਿਹਨਤਾਨੇ ਦੇ ਪੈਸੇ ਸਿਰਫ ਇੱਕ ਬੂਥ ਦੇ ਦਿੱਤੇ ਗਏ। ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ 7 ਮਾਰਚ ਤੱਕ ਪੈਸੇ ਨਾ ਮਿਲੇ ਤਾਂ 8 ਮਾਰਚ ਨੂੰ ਔਰਤ ਦਿਵਸ ਮੌਕੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਹ ਵਰਨਣਯੋਗ ਹੈ ਕਿ ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਦੀ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਹਰ ਵੋਟਰ ਨੂੰ ਕੋਵਿਡ ਟੀਕਾਕਰਨ, ਅਤੇ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਮਾਸਕ, ਸੈਨੇਟਾਇਜਰ ਕਰਨ ਲਈ ਆਸਾ ਵਰਕਰਾਂ ਦੀ ਡਿਊਟੀ ਲਗਾਈ ਗਈ ਸੀ। ਅਤੇ ਇਸ ਲਈ ਢੁਕਵੇਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਪਰ ਜਥੇਬੰਦੀ ਵੱਲੋਂ ਇਨ੍ਹਾਂ ਹੁਕਮਾਂ ਦੀ ਤਾਮੀਲ ਨਾ ਕਰਨ ਦਾ ਦੋਸ਼ ਲਾਇਆ ਹੈ।