ਭਾਰਤ ਦੇ ਮੁੱਖ ਚੋਣ ਕਮਿਸ਼ਨ ਕੋਲ ਕੀਤੀ ਡੀਐੱਸਪੀ ਪੱਧਰ ਦੇ ਅਧਿਕਾਰ ਦੀ ਸ਼ਿਕਾਇਤ
ਗੁਰਦਾਸਪੁਰ, 27 ਫਰਵਰੀ। ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਸਥਾਨਕ ਡੀ.ਐੱਸ.ਪੀ ਰੈਂਕ ਦੇ ਇੱਕ ਅਧਿਕਾਰੀ ਦੀ ਕਾਂਗਰਸ ਪੱਖੀ ਕਾਰਗੁਜ਼ਾਰੀ ਦੀ ਸ਼ਿਕਾਇਤ ਕੀਤੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਤਾਇਨਾਤ ਇਸ ਅਧਿਕਾਰੀ ਵੱਲੋਂ ਚੋਣਾਂ ਦੌਰਾਨ ਹਰ ਸਿੱਧੇ-ਅਸਿੱਧੇ ਤਰੀਕੇ ਨਾਲ ਕਾਂਗਰਸੀ ਉਮੀਦਵਾਰ ਦੀ ਮਦਦ ਕੀਤੀ ਗਈ ਸੀ । ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਕੋਲ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਚੋਣ ਕਮਿਸ਼ਨ ਕਾਂਗਰਸ ਦੇ ਦਬਾਅ ਹੇਠ ਹੋਣ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ ।
ਉਨ੍ਹਾਂ ਕਿਹਾਕਿ ਹੁਣ ਜਦ ਕਿ ਚੋਣ ਡਿਊਟੀ ਦੇਣ ਵਾਲੇ ਪੁਲੀਸ ਕਰਮਚਾਰੀ ਵੀ 7 ਮਾਰਚ ਤੱਕ ਆਪਣੇ ਵੋਟ ਦੇ ਹੱਕ ਦੀ ਵਰਤੋਂ ਬੈਲੇਟ ਪੇਪਰ ਰਾਹੀਂ ਕਰ ਰਹੇ ਹਨ , ਉਨ੍ਹਾਂ ਕਰਮਚਾਰੀਆਂ ਨੂੰ ਕਾਫ਼ੀ ਦਿੱਕਤ ਪੇਸ਼ ਆ ਰਹੀ ਹੈ ਕਿਉਂਕਿ ਵੋਟ ਵੇਲੇ ਉਨ੍ਹਾਂ ਦੀ ਤਸਦੀਕ ਗਜ਼ਟਿਡ ਅਧਿਕਾਰੀ ਵੱਲੋਂ ਕੀਤੀ ਜਾਣੀ ਹੁੰਦੀ ਹੈ । ਇਸ ਅਧਿਕਾਰੀ ਵੱਲੋਂ ਕਰਮਚਾਰੀਆਂ ਨੂੰ ਤਸਦੀਕ ਸਮੇਂ ਧਮਕਾ ਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਵਾਈਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਇਸ ਅਧਿਕਾਰੀ ਦੀ ਸ਼ਿਕਾਇਤ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਉਸ ਦਾ ਤੁਰੰਤ ਉਸ ਜਗ੍ਹਾ ਤਬਾਦਲਾ ਕੀਤਾ ਜਾਵੇ ਜਿੱਥੇ ਪਬਲਿਕ ਡੀਲਿੰਗ ਨਾਂ ਹੋਵੇ ਤਾਂ ਜੋ ਮੁਲਾਜ਼ਮਾਂ ਦੀਆਂ ਵੋਟਾਂ ਪ੍ਰਭਾਵਤ ਨਾ ਹੋਣ ।
ਸਰਦਾਰ ਬੱਬੇਹਾਲੀ ਨੇ ਕਿਹਾ ਕਿ ਕੋਈ ਵੀ ਪੁਲੀਸ ਕਰਮਚਾਰੀ ਵੋਟ ਸਬੰਧੀ ਤਸਦੀਕ ਕਿਸੇ ਵੀ ਮਹਿਕਮੇ ਦੇ ਗਜ਼ਟਿਡ ਅਧਿਕਾਰੀ ਕੋਲੋਂ ਕਰਵਾ ਸਕਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਪੁਲੀਸ ਮਹਿਕਮੇ ਦਾ ਅਧਿਕਾਰੀ ਹੀ ਤਸਦੀਕ ਕਰੇ । ਉਨ੍ਹਾਂ ਵੋਟ ਦੇਣ ਵਾਲੇ ਪੁਲੀਸ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਗਜ਼ਟਿਡ ਅਧਿਕਾਰੀ ਤੋਂ ਤਸਦੀਕ ਕਰਵਾ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਕਿਸੇ ਦਬਾਅ ਹੇਠ ਨਾਂ ਆਉਣ ।