ਪ੍ਰਤਾਪ ਸਿੰਘ ਬਾਜਵਾ, ਗੁਰਇਕਬਾਲ ਸਿੰਘ ਮਾਹਲ, ਜਗਰੂਪ ਸਿੰਘ ਸੇਖਵਾਂ ਅਤੇ ਮਾਸਟਰ ਜੋਹਰ ਸਿੰਘ ਕਿਸ ਦੀ
ਗੁਰਦਾਸਪੁਰ, 12 ਫਰਵਰੀ (ਮੰਨਣ ਸੈਣੀ)। ਹਲਕਾ ਕਾਦੀਆਂ ਵਿੱਚ ਮੁੱਖ ਰੂਪ ਵਿੱਚ ਚਾਰ ਪਾਰਟੀਆਂ ਦਰਮਿਆਨ ਮੁਕਾਬਲਾ ਹੈ। ਇਸ ਹਲਕੇ ਵਿੱਚ ਕੁਲ 1 ਲੱਖ 81 ਹਜਾਰ 907 ਵੋਟਰ ਹਨ। ਇੱਥੋਂ ਦੇ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਹਨ, ਜਿਹੜੇ 11 ਹਜਾਰ 767 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਕੋਲੋ ਜਿੱਤੇ ਸਨ। ਫਤਿਹਜੰਗ ਬਾਜਵਾ ਨੂੰ 2017 ਵਿੱਚ ਕੁਲ 62 ਹਜਾਰ 596 ਵੋਟ ਮਿਲੇ ਸਨ। ਜਦਕਿ ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਨੂੰ 50 ਹਜਾਰ 859 ਵੋਟਾਂ ਪਇਆ ਸਨ।
ਕਾਦੀਆਂ ਹਲਕਾ ਪੰਜਾਬ ਦੀ ਸੱਤਾ ਵਿੱਚ ਅਹਿਮ ਯੋਗਦਾਨ ਪਾਉਂਦਾ ਰਿਹਾ ਅਤੇ ਪ੍ਰਤਾਪ ਸਿੰਘ ਬਾਜਵਾ ਅਤੇ ਸੇਵਾ ਸਿੰਘ ਸੇਖਵਾਂ ਆਪਣਿਆਂ ਸਰਕਾਰਾਂ ਵਿੱਚ ਚੰਗੇ ਵੱਡੇ ਵਜੀਰੀਆਂ ਨਾਲ ਨਵਾਜ਼ੇ ਜਾਂਦੇ ਰਹੇ ਹਨ। ਹੁਣ ਇਹ ਹਲਕਾ ਫੇਰ ਸੁਰਖਿਆਂ ਬਟੋਰ ਰਿਹਾ ਜਿਸ ਕਾਰਨ ਇਸ ਪੰਜਾਬ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹਨ। ਜਿਸ ਨੇ ਆਪਣੀ ਪਿਛਲੀ ਵਿਧਾਨ ਸਭਾ ਚੋਣ 2007 ਵਿੱਚ ਕਾਹਨੂੰਵਾਨ ਹਲਕੇ ਤੋਂ ਲੜੀ ਅਤੇ ਜਿੱਤ ਹਾਸਿਲ ਕੀਤੀ। ਬਾਜਵਾ ਦੇ ਵੱਡੇ ਕੱਦ ਕਾਰਨ ਉਨ੍ਹਾਂ ਨੂੰ 2009 ਦੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਸਿਨੇ ਸਟਾਰ ਵਿਨੋਦ ਖੰਨਾ ਦੇ ਖਿਲਾਫ ਮੈਦਾਨ ‘ਚ ਉਤਾਰਿਆ ਸੀ ਅਤੇ ਬਾਜਵਾ ਨੇ ਖੰਨਾ ਨੂੰ ਵੀ ਬੁਰੀ ਤਰਾਂ ਪਸਤ ਵੀ ਕੀਤਾ। 2009 ਤੋਂ ਕੌਮੀ ਰਾਜਨੀਤੀ ਵਿੱਚ ਸਰਗਰਮ ਰਹੇ ਪ੍ਰਤਾਪ ਸਿੰਘ ਬਾਜਵਾ 2022 ਵਿੱਚ ਕਾਹਨੂੰਵਾਨ ਹਲਕਾ ਟੁੱਟਣ ਤੋਂ ਬਾਅਦ ਹੁਣ ਪਹਿਲੀ ਵਾਰ ਕਾਦੀਆਂ ਹਲਕੇ ਤੋਂ ਚੋਣ ਲੜ ਰਹੇ ਹਨ। 2012 ਵਿੱਚ ਕਾਦੀਆਂ ਤੋਂ ਉਹਨਾਂ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਪਹਿਲੀ ਵਾਰ ਚੋਣ ਲੜਾਈ ਅਤੇ ਜਿਤਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਭਰਾ ਫਤਿਹਜੰਗ ਸਿੰਘ ਬਾਜਵਾ ਨੂੰ 2017 ‘ਚ ਹਲਕੇ ਤੋਂ ਲੜਾਇਆ ਅਤੇ ਜਿੱਤ ਦਾ ਰਾਹ ਸੌਖਾ ਕੀਤਾ । ਹੁਣ ਪ੍ਰਤਾਪ ਸਿੰਘ ਬਾਜਵਾ ਖੁਦ ਚੋਣ ਦੰਗਲ ਵਿਚ ਹਨ। ਹਾਲਾਕਿ ਉਹਨਾਂ ਦੇ ਭਰਾ ਅਤੇ ਮੌਜੂਦਾ ਵਿਧਾਇਕ ਫਤਿਹ ਬਾਜਵਾ ਦੀ ਕਾਂਗਰਸ ਪਾਰਟੀ ਦਾਲ ਨਾ ਗਲਣ ਕਾਰਨ ਅਤੇ ਟਿਕਟ ਨਾ ਮਿਲਣ ਕਾਰਨ ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਕੇ ਬਟਾਲਾ ਤੋਂ ਚੋਣ ਲੜ ਰਹੇ ਹਨ।
ਕੀ ਕਹਿੰਦੇ ਹਨ ਹਲਕੇ ਦੇ ਸਮੀਕਰਣ ਅਤੇ ਰਾਜਨੀਤੀ ਦੇ ਮਾਹਿਰ
ਇਸ ਹਲਕੇ ਵਿੱਚ ਹਮੇਸ਼ਾ ਹੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਰਿਹਾ ਹੈ ਅਤੇ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਵੱਲੋਂ ਚੋਣ ਲੜਦੇ ਰਹੇ ਹਨ। ਪਰ ਸੇਵਾ ਸਿੰਘ ਸੇਖਵਾਂ ਦੀ ਤਰਫੋਂ ਅਕਾਲੀ ਦਲ ਛੱਡ ਕੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਟਕਸਾਲੀ ਪਾਰਟੀ ਨਾਲ ਚਲੇ ਜਾਣਾ ਅਤੇ ਪਿਛਲੇ ਦਿਨਾਂ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਨਾਲ ਅਕਾਲੀ ਦਲ ਦੇ ਵੋਟਰ ਕੁਝ ਚਿਰ ਲਈ ਜਰੂਰ ਉਹਨਾਂ ਤੋਂ ਬੇਮੁੱਖ ਰਹੇ। ਜਿਸ ਤੇ ਇਸ ਹਲਕੇ ਤੋਂ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਬਦੌਲਤ ਅਕਾਲੀਆਂ ਦੀ ਬਾਹ ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਫੜੀ ਅਤੇ ਵਰਕਰਾਂ ਅਤੇ ਪਾਰਟੀ ਨੂੰ ਇੱਕ ਜੁਟ ਕਰਨ ਦਾ ਕੰਮ ਕੀਤਾ। ਉਧਰ ਸੇਵਾਂ ਸਿੰਘ ਸੇਖਵਾਂ ਦੇ ਚਲਾਣੇ ਤੋਂ ਬਾਅਦ ਇਸ ਹਲਕੇ ਤੋਂ ਆਪ ਦੀ ਕਮਾਨ ਉਹਨਾਂ ਦੇ ਸੁਪੁਤਰ ਜਗਰੂਪ ਸਿੰਘ ਸੇਖਵਾਂ ਹੱਥ ਆ ਗਈ।
ਆਮ ਆਦਮੀ ਪਾਰਟੀ ਨੇ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ‘ਨੂੰ ਪਾਰਟੀ ਵੱਲੋਂ ਚੋਣ ਦੰਗਲ ਵਿੱਚ ਉਤਾਰਿਆਂ ਹੈ, ਜਦਕਿ ਅਕਾਲੀ ਦਲ ਨੇ ਗੁਰਇਕਬਾਲ ਸਿੰਘ ਮਾਹਲ ‘ਤੇ ਆਪਣੀ ਮੋਹਰ ਲਗਾਈ ਹੈ। ਜਗਰੂਪ ਸਿੰਘ ਸੇਖਵਾਂ ਨੇ ਆਪਣੇ ਪਿਤਾ ਸੇਵਾ ਸਿੰਘ ਸੇਖਵਾਂ ਤੋਂ ਰਾਜਨੀਤੀ ਦਾ ਪਾਠ ਪੜਿਆ, ਇਸ ਦੇ ਨਾਲ ਹੀ ਗੁਰਇਕਬਾਲ ਸਿੰਘ ਮਾਹਲ ਵੀ ਆਪਣੇ ਪਿਤਾ ਜਰਨੈਲ ਸਿੰਘ ਮਾਹਲ ਦੀ ਬਦੌਲਤ ਸਿਆਸਤ ਵਿੱਚ ਆਏ ਸਨ। ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਪਹਿਲਾਂ ਖੁਦ ਚੋਣ ਨਹੀਂ ਲੜੀ ਅਤੇ ਉਹਨਾਂ ਦਾ ਮੁਕਾਬਲਾ ਰਾਜਨੀਤੀ ਦੇ ਮਹਾਬਲੀ ਪ੍ਰਤਾਪ ਸਿੰਘ ਬਾਜਵਾ ਨਾਲ ਹੈ।
ਦੂਜੇ ਪਾਸੇ ਅਕਾਲੀ ਦਲ (ਯੂਨਾਈਟਿਡ) ਦੀ ਤਰਫੋਂ ਜਥੇਦਾਰ ਮਾਸਟਰ ਜੌਹਰ ਸਿੰਘ ‘ਤੇ ਬਾਜ਼ੀ ਖੇਡੀ ਗਈ ਹੈ। ਮਾਸਟਰ ਜੌਹਰ ਸਿੰਘ ਜੋ ਪਹਿਲਾਂ ਅਕਾਲੀ ਦਲ ਵਿੱਚ ਸਨ ਅਤੇ 1985 ਵਿੱਚ ਹਲਕਾ ਕਾਹਨੂੰਵਾਨ ਤੋਂ ਵਿਧਾਇਕ ਰਹਿ ਚੁੱਕੇ ਹਨ, ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਅਗਰ ਰਾਜਨਿਤਿਕ ਮਾਹਿਰਾਂ ਦੀ ਮੰਨਿਏ ਤਾਂ ਇਸ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਹੀ ਜਿੱਤ ਸਕਦੇ ਹਨ। ਪਰ ਦੂਜੇ ਪਾਸੇ ਇਸ ਵਾਰ ਆਮ ਆਦਮੀ ਪਾਰਟੀ ਦੀ ਮਾਝੇ ਵਿੱਚ ਹਵਾ ਕੀ ਰੁੱਖ ਲਵੇਗੀ ਇਹ ਵੇਖਣਾ ਦਿਲਚਸਪ ਹੋਵੇਗਾ। ਅਕਾਲੀ ਦਲ ਦੇ ਉਮੀਦਵਾਰ ਮਾਹਲ ਵੀ ਵਰਕਰਾਂ ਦੇ ਜੋਸ਼ ਤੋਂ ਆਪਣੀ ਜਿੱਤ ਯਕੀਨੀ ਦੱਸ ਰਹੇ ਹਨ। ਜਿਸ ਦਾ ਪਤਾ ਈਵੀਐਮ ਮਸ਼ੀਨਾਂ ਦੀ ਗਿਣਤੀ ਤੋਂ ਬਾਅਦ ਹੀ ਲੱਗੇਗਾ। ਪਰ ਇਹ ਜਰੂਰ ਹੈ ਕਿ ਇਸ ਹਲਕੇ ਤੋਂ ਅਗਰ ਬਾਜਵਾ ਜਿੱਤ ਜਾਂਦੇ ਹਨ ਅਤੇ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਬਾਜਵਾ ਨੂੰ ਇਸ ਵਾਰ ਵੱਡਾ ਔਹਦਾ ਮਿਲਨਾ ਇਕ ਦੱਮ ਤਹਿ ਹੈ।