ਗੁਰਦਾਸਪੁਰ, 11 ਫਰਵਰੀ। 2022 ਦਿਆਂ ਦੀਆਂ ਚੋਣਾਂ ਨੂੰ ਅਗਰ ਭਵਿੱਖ ਵਿੱਚ ਦੱਲ ਬਦਲਣ ਦੀਆਂ ਚੋਣਾਂ ਕਿਹਾ ਜਾਏਗਾ ਤਾਂ ਇਹ ਵੀ ਗਲਤ ਨਹੀਂ ਹੋਵੇਗਾ।
ਦਲ ਬਦਲਣਾ ਕਿਸੇ ਦਾ ਵੀ ਹੱਕ ਹੈ ਪਰ ਕਈ ਵਾਰ ਦਲਬਦਲੀ ਦੀ ਕਹਾਣੀ ਐਸੀ ਬਣਦੀ ਹੈ ਜੋ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੰਦੀ ਹੈ।
ਐਸਾ ਹੀ ਭਾਣਾ ਕਾਂਗਰਸ ਦੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨੇ ਵਰਤਾਇਆ ਹੈ। ਸ: ਲਾਡੀ ਜੋ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਅਤੇ ਫ਼ਿਰ ਭਾਜਪਾ ਛੱਡ ਕੇ ਵਾਪਸ ਕਾਂਗਰਸ ਵਿੱਚ ਆ ਗਏ ਸਨ ਹੁਣ ਫ਼ਿਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਸ੍ਰੀ ਲਾਡੀ ਨੂੰ ਅੱਜ ਭਾਜਪਾ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ ਅਤੇ ਭਾਜਪਾ ਦੇ ਬਟਾਲਾ ਤੋਂ ਉਮੀਦਵਾਰ ਸ: ਫ਼ਤਿਹਜੰਗ ਸਿੰਘ ਬਾਜਵਾ ਨੇ ਪਾਰਟੀ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ।
ਸ: ਲਾਡੀ ਜੋ ਪਹਿਲਾਂ ਕਾਦੀਆਂ ਦੇ ਕਾਂਗਰਸ ਵਿਧਾਇਕ ਸ:ਫ਼ਤਹਿਜੰਗ ਸਿੰਘ ਬਾਜਵਾ ਦੇ ਨਾਲ ਮਿਲ ਕੇ 28 ਦਸੰਬਰ ਨੂੰ ਦਿੱਲੀ ਵਿਖ਼ੇ ਭਾਜਪਾ ਦੇ ਹੈਡੁਕਆਰਟਰ ਵਿੱਚ ਕੇਂਦਰੀ ਮੰਤਰੀ ਸ: ਗਜੇਂਦਰ ਸਿੰਘ ਸ਼ੇਖ਼ਾਵਤ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਜਿਨ੍ਹਾਂ ਨੇ 2 ਜਨਵਰੀ ਨੂੂੰ ਹੀ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਵਿਖ਼ੇ ਕਾਂਗਰਸ ਵਿੱਚ ‘ਘਰ ਵਾਪਸੀ’ ਕਰ ਗਏ ਸਨ ਅੱਜ ਫ਼ਿਰ ਭਾਜਪਾ ਵੱਲ ਚਲੇ ਗਏ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਵਿੱਚ ਟਿਕਟ ਨਾ ਮਿਲਣ ਦੀਆਂ ਕਿਆਸਾ ਦੇ ਚੱਲਦਿਆਂ ਹੀ ਸ: ਲਾਡੀ ਭਾਜਪਾ ਵਿੱਚ ਗਏ ਸਨ ਅਤੇ ਇਸੇ ਦੌਰਾਨ ਕਾਂਗਰਸ ਪਾਰਟੀ ਨੇ ਸ੍ਰੀ ਹਰਗੋਬਿੰਦਪੁਰ ਤੋਂ ਮਨਦੀਪ ਸਿੰਘ ਰੰਗੜ ਨੰਗਲ ਨੂੰ ਉਮੀਦਵਾਰ ਐਲਾਨ ਦਿੱਤਾ।
ਕਾਂਗਰਸ ਵਿੱਚ ਵਾਪਸੀ ਤੋਂ ਬਾਅਦ ਵੀ ਸ: ਲਾਡੀ ਕਦੇ ਨਾਰਾਜ਼ ਅਤੇ ਕਦੇ ‘ਨਾ ਨਾਰਾਜ਼’ ਹੋਣ ਵਾਲੀ ਸਥਿਤੀ ਵਿੱਚ ਨਜ਼ਰ ਆਏ ਅਤੇ ਹੌਲੇ ਹੌਲੇ ਇਸ ਗੱਲ ’ਤੇ ਆ ਗਏ ਕਿ ਟਿਕਟ ਬਦਲ ਕੇ ਉਨ੍ਹਾਂ ਨੂੰ ਦਿੱਤੀ ਜਾਵੇ ਪਰ ਕਾਂਗਰਸ ਪਾਰਟੀ ਨੇ ਆਪਣਾ ਫ਼ੈਸਲਾ ਨਹੀਂ ਬਦਲਿਆ ਜਿਸ ਦੇ ਚੱਲਦਿਆਂ ਸ: ਲਾਡੀ ਅੱਜ ਮੁੜ ਭਾਜਪਾ ਵਿੱਚ ਸ਼ਾਮਲ ਹੋ ਗਏ।