ਹੋਰ ਗੁਰਦਾਸਪੁਰ ਪੰਜਾਬ

ਨਾਮਜ਼ਦਗੀਆਂ ਪੱਤਰ ਭਰਨ ਦੀ ਸ਼ੁਰੂਆਤ ਕੱਲ੍ਹ 25 ਜਨਵਰੀ ਤੋਂ, ਜ਼ਿਲ੍ਹਾ ਗੁਰਦਾਸਪੁਰ ਵਿਚ ਪ੍ਰਬੰਧ ਮੁਕੰਮਲ

ਨਾਮਜ਼ਦਗੀਆਂ ਪੱਤਰ ਭਰਨ ਦੀ ਸ਼ੁਰੂਆਤ ਕੱਲ੍ਹ 25 ਜਨਵਰੀ ਤੋਂ, ਜ਼ਿਲ੍ਹਾ ਗੁਰਦਾਸਪੁਰ ਵਿਚ ਪ੍ਰਬੰਧ ਮੁਕੰਮਲ
  • PublishedJanuary 24, 2022

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਨਾਮਜ਼ਦਗੀਆਂ ਭਰਨ ਸਬੰਧੀ ਵੇਰਵਾ ਅਤੇ ਹਦਾਇਤਾਂ ਜਾਰੀ

ਗੁਰਦਾਸਪੁਰ, 24 ਜਨਵਰੀ ( ਮੰਨਣ ਸੈਣੀ )। 20 ਫਰਵਰੀ 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ ਕੱਲ੍ਹ ਮਿਤੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਅੱਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦਿੱਤੀ।

ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਕ 25 ਜਨਵਰੀ 2022 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗੀ ਅਤੇ ਨਾਮਜ਼ਦਗੀ ਭਰਨ ਦੀ ਆਖਰੀ ਮਿਤੀ 01 ਫਰਵਰੀ 2022 ਹੈ। ਜਦਕਿ ਨਾਮਜ਼ਦਗੀਆਂ ਦੀ ਪੜਤਾਲ 02 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 04 ਫਰਵਰੀ 2022 ਨਿਸ਼ਚਿਤ ਕੀਤੀ ਗਈ ਹੈ। ਪੰਜਾਬ ਵਿਚ ਚੋਣਾਂ ਦੀ ਮਿਤੀ 20 ਫਰਵਰੀ 2022 ਨਿਸ਼ਚਿਤ ਕੀਤੀ ਗਈ ਹੈ, ਜਦਕਿ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ।

ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ (004) ਲਈ ਨਾਮਜ਼ਦਗੀ ਪੱਤਰ ਉੱਪ ਮੰਡਲ ਮੈਜਿਸਟਰੇਟ (ਐਸ.ਡੀ.ਐਮ) ਗੁਰਦਾਸਪੁਰ ਦੇ ਕੋਰਟ ਰੂਮ, ਬਲਾਕ ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ, ਵਿਧਾਨ ਸਭਾ ਹਲਕਾ ਦੀਨਾਨਗਰ (005-ਰਾਖਵਾਂ) ਲਈ ਨਾਮਜ਼ਦਗੀ ਪੱਤਰ ਉੱਪ ਮੰਡਲ ਮੈਜਿਸਟਰੇਟ, ਦੀਨਾਨਗਰ ਵਿਖੇ , ਵਿਧਾਨ ਸਭਾ ਹਲਕਾ ਕਾਦੀਆਂ (006) ਲਈ ਨਾਮਜ਼ਦਗੀ ਪੱਤਰ, ਦਫਤਰ ਕਰ ਤੇ ਆਬਕਾਰੀ ਵਿਭਾਗ, ਰੇਲਵੇ ਸਟੇਸ਼ਨ ਰੋਡ, ਗੁਰਦਾਸਪੁਰ ਵਿਖੇ, ਵਿਧਾਨ ਸਭਾ ਹਲਕਾ ਬਟਾਲਾ (007) ਲਈ ਨਾਮਜਗੀ ਪੱਤਰ, ਪੁਰਾਣਾ ਕੋਰਟ ਰੂਮ, ਐਸ.ਡੀ.ਐਮ ਦਫਤਰ ਬਟਾਲਾ ਵਿਖੇ, ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ (008) ਲਈ ਨਾਮਜ਼ਦਗੀ ਪੱਤਰ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ , ਬਲਾਕ ਬੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 123 ਕੋਰਟ ਰੂਮ ਵਿਚ, ਹਲਕਾ ਫਤਹਿਗੜ੍ਹ ਚੂੜੀਆਂ (009) ਲਈ ਨਾਮਜਦਗੀ ਪੱਤਰ, ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਵਿਖੇ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ (010) ਲਈ ਨਾਮਜਦਗੀ ਪੱਤਰ ਐਸ.ਡੀ.ਐਮ ਦਫਤਰ, ਡੇਰਾ ਬਾਬਾ ਨਾਨਕ ਵਿਖੇ ਭਰੇ ਜਾਣਗੇ।

ਉਨਾਂ ਦੱਸਿਆ ਕਿ ਨਾਜ਼ਜਦਗੀ ਪੱਤਰ ਭਰਨ ਦਾ ਸਮਾਂ ਸਵੇਰੇ 11.00 ਵਜੇ ਤੋਂ ਲੈ ਕੇ ਦੁਪਹਿਰ 3.00 ਵਜੇ ਤਕ ਹੋਵੇਗਾ। ਨਾਮਜਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ 2 ਵਿਅਕਤੀ ਨਾਲ ਰਿਟਰਨਿੰਗ ਅਫਸਰ ਕੋਲ ਜਾ ਸਕਦੇ ਹਨ। ਇਸ ਤੋਂ ਇਲਾਵਾ 100 ਮੀਟਰ ਦੇ ਦਾਇਰੇ ਦੇ ਬਾਹਰ ਸਿਰਫ ਦੋ ਵਾਹਨ ਹੀ ਰੱਖੇ ਜਾ ਸਕਦੇ ਹਨ।

ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ/ਉਮੀਦਵਾਰਾਂ ਲਈ ਬਹੁਤ ਹੀ ਢੁੱਕਵਾਂ ਮੰਚ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ https://suvidha.eci.gov.in/ ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾ ਕਰਵਾਉਣ ਅਤੇ ਰਿਟਰਨਿੰਗ ਅਫਸਰ ਅੱਗੇ ਪੇਸ਼ ਹੋਣ ਲਈ ਅਗਾਊਂ ਸਮਾਂ ਲੈਣ ਵਿਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।

ਉਨਾਂ ਦੱਸਿਆ ਕਿ ਇਕ ਵਾਰ ਆਨਲਾਈਨ ਨਾਮਜ਼ਦਗੀ ਫਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪਿ੍ਰੰਟ ਲੈ ਕੇ, ਉਸਨੂੰ ਤਸਦੀਕ ਕਰਵਾ ਕੇ ਅਤੇ ਲੋੜੀਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫਸਰ ਅੱਗੇ ਜਾ ਕੇ ਨਿੱਜੀ ਤੌਰ ’ਤੇ ਪੇਸ ਕਰ ਸਕਦਾ ਹੈ। ਉਨਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫਲਾਈਨ ਪ੍ਰਕਿਰਿਆ ਵੀ ਮੋਜੂਦ ਹੈ। ਉਨਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿਚ ਸਹਿਯੋਗ ਕਰਨ।

Written By
The Punjab Wire