ਗੁਰਦਾਸਪੁਰ, 23 ਜਨਵਰੀ ( ਮੰਨਣ ਸੈਣੀ)। ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤਹਿਤ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ 31 ਜਨਵਰੀ 2022 ਤਕ ਸਿਆਸੀ ਰੈਲੀਆਂ, ਰੋਡ ਸ਼ੋਅ, ਪੈਦਲ ਯਾਤਰਾਵਾਂ, ਸਾਈਕਲ, ਬਾਈਕ ਵਾਹਨ ਰੈਲੀਆਂ ’ਤੇ ਪੂਰਨ ਪਾਬੰਦੀ ਲਗਾਈ ਹੈ।
ਭਾਰਤ ਚੋਣ ਕਮਿਸ਼ਨ ਵਲੋਂ ਪਹਿਲੇ ਗੇੜ ਦੀਆਂ ਹੋ ਰਹੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ 28 ਜਨਵਰੀ 2022 ਤੋਂ ਅਤੇ ਦੂਜੇ ਗੇੜ ਵਿਚ ਹੋ ਰਹੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ 01 ਫਰਵਰੀ 2022 ਤੋਂ ਫਿਜ਼ੀਕਲ ਪਬਲਿਕ ਮੀਟਿੰਗਾਂ ਕਰਨ ਦੀ ਰਾਹਤ ਦਿੱਤੀ ਹੈ। ਘਰ-ਘਰ ਪ੍ਰਚਾਰ ਕਰਨ ਲਈ ਹੁਣ 05 ਦੀ ਥਾਂ ’ਤੇ 10 ਵਿਅਕਤੀ ਜਾ ਸਕਣਗੇ। ਕੋਵਿਡ ਮਹਾਂਮਾਰੀ ਦੇ ਨੇਮਾਂ ਦੀ ਪਾਲਣਾ ਕਰਦਿਆਂ ਤੈਅਸ਼ੁਦਾ ਥਾਵਾਂ ’ਤੇ ਪ੍ਰਚਾਰ ਲਈ ਵੀਡੀਓ ਵੈਨਾਂ ਖੜ੍ਹੀਆਂ ਕੀਤੀਆਂ ਜਾ ਸਕਣਗੀਆਂ।
ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਪਹਿਲੇ ਗੇੜ ਦੀਆਂ ਚੋਣਾਂ ਵਿਚ ਸਿਆਸੀ ਪਾਰਟੀਆਂ ਜਾਂ ਚੋਣਾਂ ਲੜ ਰਹੇ ਉਮੀਦਵਾਰ ਤੈਅਸ਼ੁਦਾ ਖੁੱਲ੍ਹੀਆਂ ਥਾਵਾਂ ’ਤੇ 500 ਵਿਅਕਤੀਆਂ ਜਾਂ ਮੈਦਾਨ ਦੀ 50 ਫੀਸਦ ਸਮਰੱਥਾ ਜਾਂ ਐਸਡੀਐਮਏ ਵਲੋਂ ਤੈਅ ਹੱਦ, ਜੋ ਗਿਣਤੀ ਵਿਚ ਸਭ ਤੋਂ ਘੱਟ ਹੋਵੇ, ਤਕ ਮੀਟਿੰਗ ਕਰ ਸਕਣਗੇ। ਇਸੇ ਤਰਾਂ ਇਹੀ ਰਾਹਤ ਚੋਣਾਂ ਦੇ ਦੂਜੇ ਪੜਾਅ ਵਿਚ ਸਬੰਧਤ ਪਾਰਟੀਆਂ ਜਾਂ ਚੋਣਾਂ ਲੜਨ ਵਾਲੇ ਉਮੀਦਵਾਰ ਨੂੰ ਪ੍ਰਦਾਨ ਕੀਤੀ ਹੈ। ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ਨੂੰ ਕੋਵਿਡ ਦਿਸ਼ਾ-ਨਿਰਦੇਸ਼ ਅਤੇ ਆਦਰਸ਼ ਚੋਣ ਜ਼ਾਬਤਾ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਭਾਰਤ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦਰਸ਼ ਚੋਣ ਜ਼ਾਬਤਾ ਅਤੇ ਕੋਵਿਡ-19 ਦੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।