ਜ਼ਿਲੇ ਅੰਦਰ 81 ਫੀਸਦੀ ਨੂੰ ਪਹਿਲੀ ਡੋਜ਼ ਅਤੇ 59 ਫੀਸਦੀ ਲੋਕਾਂ ਨੂੰ ਦੋਵੇਂ ਡੋਜ਼ਾ ਲੱਗੀਆਂ
ਗੁਰਦਾਸਪੁਰ, 22 ਜਨਵਰੀ ( ਮੰਨਣ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਗੁਰਦਾਸਪੁਰ ਜ਼ਿਲੇ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਲੋਕ ਕੋਵਿਡ ਟੀਕਾਕਰਨ ਤੋਂ ਰਹਿੰਦੇ ਹਨ, ਉਹ ਤੁਰੰਤ ਆਪਣਾ ਟੀਕਾਕਰਨ ਕਰਵਾਉਣ ਤਾਂ ਜੋ ਤੇਜ਼ੀ ਨਾਲ ਫੈਲ ਰਹੇ ਕੋਵਿਡ ਨੂੰ ਰੋਕਿਆ ਜਾ ਸਕੇ।
ਇਸ ਸਬੰਧੀ ਗੱਲ ਕਰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿਚ 81 ਫੀਸਦੀ ਲੋਕਾਂ ਨੇ ਪਹਿਲੀ ਤੇ 59 ਫੀਸਦੀ ਲੋਕਾਂ ਨੇ (21 ਜਨਵਰੀ ਤਕ) ਦੂਜੀ ਡੋਜ਼ ਲਈ ਹੈ, ਜਿਸ ਨੂੰ 100 ਫੀਸਦ ਕਰਨ ਲਈ ਲੋਕ ਸਹਿਯੋਗ ਕਰਨ। ਉਨਾਂ ਕਿਹਾ ਕਿ ਅਜੇ ਵੀ 1 ਲੱਖ 80 ਹਜ਼ਾਰ ਅਜਿਹੇ ਵਿਅਖਤੀ ਹਨ, ਜਿਨਾਂ ਨੇ ਦੂਜੀ ਡੋਜ਼ ਨਹੀਂ ਲਗਵਾਈ, ਜਦਕਿ ਦੋਹਾਂ ਡੋਜ਼ਾਂ ਨਾਲ ਹੀ ਟੀਕਾਕਰਨ ਦਾ ਸਹੀ ਅਸਰ ਹੁੰਦਾ ਹੈ। ਉਨਾਂ ਚੋਣ ਅਮਲੇ ਨੂੰ ਵੀ ਕਿਹਾ ਕਿ ਇਹ ਬੂਸਟਰ ਡੋਜ਼ ਜਰੂਰ ਲਗਵਾਉਣ। ਉਨਾਂ ਕਿਹਾ ਕਿ ਸਰਕਾਰ ਵਲੋਂ 15 ਤੋਂ 17 ਸਾਲ ਦੇ ਗਰੁੱਪ ਦੇ ਨੋਜਵਾਨਾਂ ਦਾ ਵੀ ਟੀਕਾਕਰਨ ਕਰਵਾਇਆ ਗਿਆ ਹੈ।
ਉਨਾਂ ਅੱਗੇ ਕਿਹਾ ਕਿ ਕਿਹਾ ਕਿ ਕੋਵਿਡ ਦੇ ਫੈਲਾਅ ਦਾ ਖਤਰਾ ਬਰਕਰਾਰ ਹੈ, ਕਿਊਕਿ ਜ਼ਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ ਵਧੀ ਹੈ ਅਤੇ 21 ਜਨਵਰੀ ਨੂੰ ਹੀ 213 ਪੋਜ਼ਟਿਵ ਕੇਸ ਹੋਰ ਆਏ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਮਾਸਕ ਪਾ ਕੇ ਰੱਖਿਆ ਜਾਵੇ ਅਤੇ ਟੀਕਾਕਰਨ ਜਰੂਰ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵੈਕਸ਼ੀਨੇਸ਼ਨ ਥਾਵਾਂ ਦੀ ਗਿਣਤੀ ਵਧਾਈ ਗਈ ਹੈ ਅਤੇ ਰੋਜਾਨਾ ਉਨਾਂ ਵਲੋਂ ਸਿਹਤ ਵਿਭਾਗ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵੈਕਸ਼ੀਨੇਸ਼ਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਤਾਂ ਜੋ ਜ਼ਿਲੇ ਅੰਦਰ ਵੈਕਸ਼ੀਨੇਸ਼ਨ ਦੇ 100 ਫੀਸਦ ਟੀਚੇ ਨੂੰ ਜਲਦ ਹਾਸਲ ਕੀਤਾ ਜਾ ਸਕੇ।