ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਜਨਤਕ ਸਥਾਨਾਂ ਤੋਂ ਰਾਜੀਨੀਤਿਕ ਬੋਰਡ/ ਫਲੈਕਸ ਉਤਾਰੇ
ਗੁਰਦਾਸਪੁਰ, 11 ਜਨਵਰੀ ( ਦਵਿੰਦਰ ਸਿੰਘ ) ਸੂਬੇ ਅੰਦਰ ਵਿਧਾਨ ਸਬਾ ਚੋਣਾਂ-2022 ਨੂੰ ਲੈ ਕੇ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਹਿੱਤ ਗੁਰਦਾਸਪੁਰ ਦੇ ਨਵ ਨਿਯੁਕਤ ਐਸ.ਡੀ.ਐਮ ਅਮਨਪ੍ਰੀਤ ਸਿੰਘ ਵਲੋਂ ਚੋਣ ਅਮਲੇ ਨਾਲ ਗੱਲਬਾਤ ਕੀਤੀ ਤੇ ਸਾਰੀ ਸਥਿਤੀ ਦਾ ਵਿਸਥਾਰ ਵਿਚ ਜਾਇਜ਼ਾ ਲਿਆ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਚੋਣ ਅਮਲੇ ਨੂੰ ਜਾਣੂੰ ਕਰਵਾਇਆ।
ਐਸ.ਡੀ.ਐਮ ਗੁਰਦਾਸਪੁਰ ਅਮਨਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਵਲੋਂ ਗੁਰਦਾਸਪੁਰ ਹਲਕੇ ਅੰਦਰ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਸਮਰਥਕ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਨਾਂ ਪੁਲਿਸ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਆਦਰਸ਼ ਚੋਣ ਜ਼ਾਬਤਾ ਹਰ ਕੀਮਤ ’ਤੇ ਬਹਾਲ ਰੱਖਿਆ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਗੁਰਦਾਸਪੁ ਵਿਧਾਨ ਸਭਾ ਹਲਕੇ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਲਗਾਏ ਗਏ ਬੋਰਡ, ਪੋਸਟਰ ਅਤੇ ਫਲੈਕਸਾਂ ਆਦਿ ਉਤਾਰ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਪੂਰੇ ਹਲਕੇ ਅੰਦਰ ਉੱਡਣ ਦਸਤੇ ਤਾਇਨਾਤ ਕੀਤੇ ਗਏ ਹਨ , ਜੋ 24 ਘੰਟੇ ਹਰ ਗਤੀਵਿਧੀ ਦੀ ਨਿਗਰਾਨੀ ਰੱਖ ਰਹੇ ਹਨ। ਉਨਾਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਪ੍ਰੋਟੋਕਾਲ ਅਨੁਸਾਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।