Close

Recent Posts

ਹੋਰ ਗੁਰਦਾਸਪੁਰ ਪੰਜਾਬ

ਮਜੀਠੀਆ ਨੇ ਭਾਜਪਾ ਦੀ ਬੋਲੀ ਬੋਲ ਕੇ ਅਕਾਲੀ-ਭਾਜਪਾ ਦੀ ਲੁਕਵੀਂ ਸਾਂਝ ਜੱਗ ਜ਼ਾਹਰ ਕੀਤੀ- ਸੁਖਜਿੰਦਰ ਸਿੰਘ ਰੰਧਾਵਾ

ਮਜੀਠੀਆ ਨੇ ਭਾਜਪਾ ਦੀ ਬੋਲੀ ਬੋਲ ਕੇ ਅਕਾਲੀ-ਭਾਜਪਾ ਦੀ ਲੁਕਵੀਂ ਸਾਂਝ ਜੱਗ ਜ਼ਾਹਰ ਕੀਤੀ- ਸੁਖਜਿੰਦਰ ਸਿੰਘ ਰੰਧਾਵਾ
  • PublishedJanuary 11, 2022

“ਬਿਕਰਮ ਮਜੀਠੀਆ ਕੋਈ ਦੇਸ਼ ਭਗਤੀ ਦੇ ਕੇਸ ਵਿੱਚੋਂ ਹੀਰੋ ਨਹੀਂ ਬਣਿਆ, ਨਸ਼ਾ ਤਸਕਰੀ ਦੇ ਕੇਸ ਵਿੱਚ ਅੰਤਰਿਮ ਜ਼ਮਾਨਤ ਮਿਲੀ ਹੈ”

“ਬਾਦਲ ਦਲ ਨਸ਼ਿਆਂ ਦੀ ਤਸਕਰੀ ਦੇ ਕੇਸਾਂ ਵਿੱਚੋਂ ਦੁੱਧ ਧੋਤਾ ਸਾਬਤ ਨਹੀਂ ਹੋਇਆ”

ਚੰਡੀਗੜ੍ਹ, 11 ਜਨਵਰੀ- ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਅੱਜ ਭਾਜਪਾ ਦੀ ਬੋਲੀ ਬੋਲਣ ਨਾਲ ਸਾਫ ਹੋ ਗਿਆ ਕਿ ਅਕਾਲੀ ਦਲ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਜਿਉਂ ਦਾ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ’ਚ ਮਜੀਠੀਆ ਵੱਲੋਂ ਭਾਜਪਾ ਦੀ ਪੈੜ ਵਿੱਚ ਪੈੜ ਧਰਨ ਨਾਲ ਕਈ ਸ਼ੰਕਾਵਾਂ ਨੂੰ ਜਨਮ ਦਿੰਦਾ ਹੈ ਗਿਆ ਤੇ ਇਸਤੋਂ ਅੰਦਾਜਾ ਵੀ ਲਾਇਆ ਜਾ ਸਕਦਾ ਕਿ ਇਹ ਕਿਸ ਦੀ ਸ਼ਰਨ ਵਿੱਚ ਰਹਿ ਕੇ ਲੁਕਿਆ ਰਿਹਾ ਹੋਵੇਗਾ।

ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਉਹ ਕੋਈ ਦੇਸ਼ ਭਗਤੀ ਦੇ ਕੇਸ ਵਿੱਚੋਂ ਹੀਰੋ ਨਹੀਂ ਬਣਿਆ, ਨਸ਼ਾ ਤਸਕਰੀ ਦੇ ਕੇਸ ਵਿੱਚ ਅੰਤਰਿਮ ਜ਼ਮਾਨਤ ਮਿਲੀ ਹੈ।ਉਨ੍ਹਾਂ ਕਿਹਾ ਕਿ ਬਾਦਲ ਦਲ ਨਸ਼ਿਆਂ ਦੀ ਤਸਕਰੀ ਦੇ ਕੇਸਾਂ ਵਿੱਚੋਂ ਹਾਲੇ ਦੁੱਧ ਧੋਤਾ ਨਹੀਂ ਸਾਬਤ ਹੋਇਆ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਜੇ ਇੰਨਾ ਹੀ ਸੱਚਾ-ਸੁੱਚਾ ਸੀ ਤਾਂ ਉਹ ਪਿਛਲੇ 20 ਦਿਨਾਂ ਤੋਂ ਮੁਜਰਮਾਂ ਵਾਂਗ ਲੁਕਿਆ ਕਿਉਂ ਫਿਰਦਾ ਸੀ। ਇੱਥੋਂ ਤੱਕ ਕਿ ਉਸ ਨੇ ਆਪਣੇ ਮੋਬਾਈਲ ਵੀ ਨਾਲ ਨਹੀਂ ਰੱਖੇ।ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਮਜੀਠੀਆ ਨੂੰ ਬਰੀ ਨਹੀਂ ਕੀਤਾ ਗਿਆ ਸਗੋਂ ਸ਼ਰਤਾਂ ਉੱਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਜਿਸ ਤਹਿਤ ਉਸ ਨੂੰ ਆਪਣਾ ਫ਼ੋਨ ਵੀ ਨਹੀਂ ਬੰਦ ਰੱਖ ਸਕਦਾ ਅਤੇ ਤਫ਼ਤੀਸ਼ੀ ਅਫਸਰਾਂ ਨੂੰ ਆਪਣੀ ਲਾਈਵ ਲੋਕੇਸ਼ਨ ਵੀ ਸਾਂਝੀ ਰੱਖਣੀ ਪਵੇਗੀ।

ਕਾਂਗਰਸੀ ਆਗੂ ਨੇ ਕਿਹਾ ਕਿ ਕਿਸੇ ਵੇਲੇ ਅਕਾਲੀ ਮੋਰਚਿਆਂ ਵਿੱਚ ਜੇਲ੍ਹਾਂ ਕੱਟਣ ਜਾਂਦੇ ਸਨ ਪ੍ਰੰਤੂ ਅਜੋਕੇ ਬਾਦਲ ਦਲ ਦੇ ਆਗੂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਲਿਪਤ ਹਨ ਜਿਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰ ਦਿੱਤਾ।ਸ. ਰੰਧਾਵਾ ਨੇ ਕਿਹਾ ਕਿ ਮਜੀਠੀਆ ਜਿਹੋ ਜਿਹੇ ਸੰਗੀਨ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਉਸ ਦੇ ਅੰਤਰਿਮ ਜ਼ਮਾਨਤ ਉੱਤੇ ਵੀ ਅਕਾਲੀ ਦਲ ਵੱਲੋਂ ਜਿੱਤ ਦੇ ਦਾਅਵੇ ਕਰਨਾ ਬਾਦਲ ਦਲ ਦੀ ਨਸ਼ਿਆਂ ਦੇ ਘਿਨਾਉਣੇ ਕੰਮਾਂ ਵਿੱਚ ਪਲੀਤ ਹੋਈ ਮਿੱਟੀ ਤੋਂ ਉੱਭਰਨ ਦੀ ਅਸਫਲ ਕੋਸ਼ਿਸ਼ ਹੈ। 

Written By
The Punjab Wire