18 ਸਾਲ ਪਹਿਲਾ ਜਿੱਥੋ ਸੁਰੂਆਤ ਕੀਤੀ ਸੀ, 18 ਸਾਲ ਬਾਦ ਉੱਥੇ ਪਹੁੰਚੇ ਪੀਸੀਐਸ ਅਧਿਕਾਰੀ ਜਗਵਿੰਦਰਜੀਤ ਸਿੰਘ ਗਰੇਵਾਲ
ਜਗਵਿੰਦਰਜੀਤ ਸਿੰਘ ਗਰੇਵਾਲ ਦਾ ਕਰੀਬ ਸਾਢੇ ਚਾਰ ਸਾਲਾਂ ਵਿੱਚ 21ਵੀਂ ਵਾਰ ਤਬਾਦਲਾ ਹੋਇਆ ਹੈ
ਗੁਰਦਾਸਪੁਰ, 8 ਜਨਵਰੀ (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਆਚਾਰ ਸਹਿਂਤਾ ਲੱਗਣ ਤੋਂ ਇਕ ਦਿਨ ਪਹਿਲਾ 7 ਜਨਵਰੀ ਨੂੰ ਜਾਰੀ ਕੀਤੀ ਗਈ ਅਧਿਕਾਰੀਆਂ ਦੀ ਤਬਾਦਲਾ ਸੂਚੀ ‘ਤੇ ਖੁੱਦ ਅਧਿਕਾਰੀ ਸਵਾਲ ਖੜ੍ਹੇ ਕਰ ਰਹੇ ਹੈ। ਜਿਸ ਦੇ ਚਲਦਿਆਂ ਸਰਕਾਰ ਦੀ ਤਬਾਦਲਾ ਨੀਤੀ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਇਸ ਸੂਚੀ ਵਿੱਚ ਇੱਕ ਪੀਸੀਐਸ ਅਧਿਕਾਰੀ ਨੂੰ 18 ਸਾਲ ਬਾਅਦ ਬਦਲ ਕੇ ਉੱਥੇ ਲਗਾ ਦਿੱਤਾ ਗਿਆ ਹੈ ਜਿੱਥੋਂ ਉਸਨੇ 18 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪੀਸੀਐਸ ਅਧਿਕਾਰੀ, ਜੋ ਕਿ ਪਹਿਲਾਂ ਵਧੀਕ ਸਕੱਤਰ ਪੰਜਾਬ ਦੇ ਅਹੁਦੇ ’ਤੇ ਤਾਇਨਾਤ ਸਨ, ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਗੁਰਦਾਸਪੁਰ ਤਾਇਨਾਤ ਕਰ ਦਿੱਤਾ ਗਿਆ ਹੈ। ਬਦਲੇ ਜਾਣ ਵਾਲੇ ਅਧਿਕਾਰੀ ਕੋਈ ਹੋਰ ਨਹੀਂ ਬਲਕਿ 2004 ਬੈਚ ਦੇ ਅਧਿਕਾਰੀ ਜਗਵਿੰਦਰਜੀਤ ਸਿੰਘ ਗਰੇਵਾਲ ਹਨ ਜਿਨਾਂ ਦੇ ਪਿਛਲੇ ਚਾਰ ਸਾਲਾਂ ਵਿੱਚ ਕਰੀਬ 21 ਤਬਾਦਲੇ ਹੋ ਚੁੱਕੇ ਹਨ। ਜਿਨ੍ਹਾਂ ਨੂੰ ਹੁਣ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤਰਨਤਾਰਨ ਤੋਂ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ।
ਗਰੇਵਾਲ ਦੇ ਇੰਨੇ ਤਬਾਦਲਿਆਂ ਪਿੱਛੇ ਪੰਜਾਬ ਦੇ ਇੱਕ ਸੀਨੀਅਰ ਕਾਂਗਰਸੀ ਮੰਤਰੀ ਦੇ ਹੁਕਮ ਦੱਸੇ ਜਾ ਰਹੇ ਹਨ। ਜਿਸ ਤੋਂ ਬਾਅਦ ਹੁਣ ਕਈ ਪੀਸੀਐਸ ਅਧਿਕਾਰੀ ਵੀ ਮੰਤਰੀ ਦੇ ਫ਼ਰਮਾਨ ਖ਼ਿਲਾਫ਼ ਗਰੇਵਾਲ ਦਾ ਪੱਖ ਲੈਂਦੇ ਨਜ਼ਰ ਆ ਰਹੇ ਹਨ। ਅਧਿਕਾਰੀ ਵੀ ਹੁਣ ਸਿਆਸੀ ਦਖ਼ਲਅੰਦਾਜ਼ੀ ਖ਼ਿਲਾਫ਼ ਗਰੇਵਾਲ ਦੇ ਨਾਲ ਖੜ੍ਹੇ ਹਨ ਅਤੇ ਸਰਕਾਰ ਦੀ ਕਾਰਜਪ੍ਰਣਾਲੀ ਅਤੇ ਤਬਾਦਲਾ ਨੀਤੀ ’ਤੇ ਸਵਾਲ ਉਠਾ ਰਹੇ ਹਨ। ਹਾਲਾਕਿ ਹੁਣ ਕੋਡ ਆਫ ਕੰਡਕਟ ਲੱਗ ਚੁੱਕਾ ਹੈ, ਪਰ ਇਕ ਅਫਸਰ ਦੀ ਇਸ ਤਰਾਂ ਰਾਜਨਿਤਿਕ ਹਤੱਯਾ ਕਿਸੇ ਦੇ ਗੱਲ਼ੇ ਚ ਨਹੀਂ ਉੱਤਰ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ 2004 ਬੈਚ ਦੇ ਪੀਸੀਐਸ ਅਧਿਕਾਰੀ ਜਗਵਿੰਦਰਜੀਤ ਸਿੰਘ ਗਰੇਵਾਲ ਕਰੀਬ 18 ਸਾਲ ਪਹਿਲਾਂ ਸਹਾਇਕ ਕਮਿਸ਼ਨਰ ਗੁਰਦਾਸਪੁਰ ਦੇ ਅਹੁਦੇ ’ਤੇ ਤਾਇਨਾਤ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਗੁਰਦਾਸਪੁਰ ਵਜੋਂ ਤਰੱਕੀ ਦੇ ਕੇ ਏਡੀਸੀ ਜਨਰਲ ਗੁਰਦਾਸਪੁਰ ਤਾਇਨਾਤ ਕੀਤਾ ਗਿਆ। ਇਸ ਤੋਂ ਬਾਅਦ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਉਹ 21 ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਏਡੀਸੀ ਜਨਰਲ ਅਤੇ ਹੋਰ ਅਹੁਦਿਆਂ ’ਤੇ ਤਾਇਨਾਤ ਰਹੇ।
ਜਦਕਿ 2004 ਬੈਚ ਦੇ ਹੋਰ ਅਧਿਕਾਰੀਆਂ ਨੂੰ ਸੰਯੁਕਤ ਸਕੱਤਰ ਅਤੇ ਵਧੀਕ ਸਕੱਤਰ ਵਜੋਂ ਪਦਉੱਨਤ ਕਰਕੇ ਸਕੱਤਰ ਐਸ.ਐਸ ਬੋਰਡ ਪੰਜਾਬ ਦੇ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਸੀਨੀਆਰਤਾ ਨੂੰ ਪਾਸੇ ਰੱਖਦਿਆਂ ਉਨ੍ਹਾਂ ਨੂੰ ਨਵਾਂ ਅਹੁਦਾ ਬਣਾ ਕੇ ਡਿਪਟੀ ਸਕੱਤਰ ਦਾ ਚਾਰਜ ਦਿੱਤਾ ਗਿਆ। ਜਿਸ ਤੋਂ ਬਾਅਦ ਮਾਮਲਾ ਰਫਤਾਰ ਫੜਦਾ ਦੇਖ ਕੇ ਸਰਕਾਰ ਨੇ ਉਨ੍ਹਾਂ ਨੂੰ ਪਹਿਲਾਂ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਤਰੱਕੀ ਨਾ ਦੇ ਕੇ ਵਧੀਕ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਕਰਕੇ ਮਾਮਲਾ ਠੰਡਾ ਕਰ ਦਿੱਤਾ। ਪਰ ਇਕ ਸੀਨੀਅਰ ਮੰਤਰੀ ਦੇ ਹੁਕਮਾਂ ‘ਤੇ ਉਨ੍ਹਾਂ ਨੂੰ ਮੁੜ ਇਕ ਸੀਟ ‘ਤੇ ਨਹੀਂ ਰਹਿਣ ਦਿੱਤਾ ਗਿਆ।
ਇਸੇ ਦੌਰਾਨ ਜਦੋਂ ਪ੍ਰਤਾਪ ਸਿੰਘ ਬਾਜਵਾ ਜ਼ਿਲਾ ਗੁਰਦਾਸਪੁਰ ਵਿੱਚ ਦਾਖ਼ਲ ਹੋਏ ਅਤੇ ਉਕਤ ਮੰਤਰੀ ਦੀ ਤਤਕਾਲੀ ਮੁੱਖ ਮੰਤਰੀ ਨਾਲ ਤਕਰਾਰ ਹੋ ਗਈ ਜੋ ਕਿ ਕੈਪਟਨ ਦਾ ਕਾਫੀ ਕਰੀਬੀ ਮੰਤਰੀ ਮੰਨਿਆ ਜਾਂਦਾ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਬਟਾਲਾ ਵਿੱਚ ਨਗਰ ਨਿਗਮ ਦਾ ਕਮਿਸ਼ਨਰ ਬਣਾ ਦਿੱਤਾ ਗਿਆ। ਪਰ ਕੈਪਟਨ ਦੇ ਮੁੱਖ ਮੰਤਰੀ ਦੇ ਅੋਹਦੇ ਤੋਂ ਜਾਣ ਤੋਂ ਬਾਅਦ ਉਕਤ ਮੰਤਰੀ ਨੇ ਗਰੇਵਾਲ ਦਾ ਫਿਰ ਤਬਾਦਲਾ ਕਰ ਦਿੱਤਾ ਅਤੇ ਇਕ ਤੋਂ ਬਾਅਦ ਇਕ ਤਬਾਦਲਾ ਜਾਰੀ ਰਖੇਆ। ਜਿਸ ਤੋਂ ਬਾਅਦ ਕਦੇ ਏ.ਡੀ.ਸੀ.ਮੋਗਾ ਤੇ ਕਦੇ ਏ.ਡੀ.ਸੀ ਤਰਨਤਾਰਨ। ਜਗਵਿੰਦਰਜੀਤ ਗਰੇਵਾਲ ਨੂੰ ਇੱਕ ਥਾਂ ਤੇ ਟਿਕਣ ਹੀ ਨਹੀਂ ਦਿੱਤਾ ਗਿਆ ਅਤੇ ਹੁਣ ਉਹਨਾਂ ਨੂੰ ਗੁਰਦਾਸਪੁਰ ਫੇਰ ਉਸੇ ਪੋਸਟ ਤੇ ਲਿਆਂਦਾ ਗਿਆ ਹੈ ਜਿੱਥੋ ਗ੍ਰੇਵਾਲ ਨੇ ਕਰੀਬ 18 ਸਾਲ ਪਹਿਲਾਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਜਿਸ ਨੂੰ ਲੈ ਕੇ ਅਧਿਕਾਰੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ।
ਹਾਲਾਕਿ ਦੂਜੇ ਪਾਸੇ ਜਦੋਂ ਇਸ ਸਬੰਧੀ ਪੀਸੀਐਸ ਅਧਿਕਾਰੀ ਜਗਵਿੰਦਜੀਤ ਸਿੰਘ ਗਰੇਵਾਲ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਇਹ ਕਹਿਣਾ ਲਾਜਮੀਂ ਹੋਵੇਗਾ ਕਿ ਗਰੇਵਾਲ ਦੇ ਤਬਾਦਲੇ ਰਾਜਨੀਤਿ ਤੋਂ ਪ੍ਰੇਰਿਤ ਰਹੇ ਹਨ। ਹੁਣ ਅੱਗੇ ਗਰੇਵਾਲ ਕੀ ਰੁੱਖ ਅਪਣਾਉਂਦੇ ਹਨ ਇਹ ਜਾਨਣਾ ਬੇਹੱਦ ਦਿੱਚਸਪ ਹੋਵੇਗਾ। ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਇਕ ਬੇਹੱਦ ਕੰਮ ਪ੍ਰਤਿ ਇਮਾਨਦਾਰ ਅਫਸਰ ਹਨ।