ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਦਾਖਲ ਹੋਣ ਵਾਲੇ ਗੇਟਾਂ, ਸੇਵਾ ਕੇਂਦਰ ਤੇ ਦਫਤਰਾਂ ਦੀ ਕੀਤੀ ਚੈਕਿੰਗ
ਜ਼ਿਲਾ ਵਾਸੀਆਂ ਨੂੰ ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਲਾਜ਼ਮੀ ਤੋਰ ’ਤੇ ਮਾਸਕ ਪਹਿਨਣ ਅਤੇ ਵੈਕਸ਼ੀਨੇਸ਼ਨ ਲਗਵਾਉਣ ਦੀ ਕੀਤੀ ਅਪੀਲ
ਗੁਰਦਾਸਪੁਰ, 6 ਜਨਵਰੀ ( ਮੰਨਣ ਸੈਣੀ )। ਦਫਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਖੇ ਬਿਨਾਂ ਮਾਸਕ ਅਤੇ ਵੈਕਸ਼ੀਨੇਸ਼ਨ (ਦੋਵੇਂ ਡੋਜਾਂ ਲਗਵਾਈਆਂ ਹੋਣ) ਦੇ ਐਂਟਰੀ ਬੰਦ ਕੀਤੀ ਗਈ ਹੈ, ਤਾਂ ਜੋ ਕੋਵਿਡ-19 ਮਹਾਂਮਾਰੀ ਦੀ ਤੀਸਰੀ ਲਹਿਰ ਅਤੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਬਚਾਅ ਕੀਤਾ ਜਾ ਸਕੇ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਦਾਖਲ ਹੋਣ ਵਾਲੇ ਗੇਟਾਂ, ਦਫਤਰਾਂ ਤੇ ਸੇਵਾ ਕੇਂਦਰ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਿਨਾਂ ਵਿਅਕਤੀਆਂ ਵਲੋਂ ਮਾਸਕ ਨਹੀਂ ਪਹਿਨਿਆ ਹੋਇਆ ਸੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਮਾਸਕ ਲਾਜ਼ਮੀ ਤੋਰ ਤੇ ਪਾ ਕੇ ਰੱਖਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪੈਲਕਸ ਗੁਰਦਾਸਪੁਰ ਦੇ ਚਾਰੇ ਗੇਟਾਂ ’ਤੇ ਮਾਸਕ ਅਤੇ ਵੈਕਸ਼ੀਨੇਸ਼ਨ ਸਰਟੀਫਿਕੇਟ (ਦੋਵੇਂ ਡੋਜ਼ਾ ਲੱਗੀਆਂ ਹੋਣ) ਚੈੱਕ ਕਰਨ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਇਹ ਸੁਨਿਸ਼ਚਿਤ ਕਰ ਰਹੀਆਂ ਹਨ ਕਿ ਦਫਤਰ ਡਿਪਟੀ ਕਮਿਸ਼ਨਰ ਵਿਖੇ ਆਉਣ ਵਾਲੇ ਹਰ ਵਿਅਕਤੀ ਨੇ ਮਾਸਕ (ਥ੍ਰੀ ਲੇਅਰ ਵਾਲਾ ਅਤੇ ਨੱਕ ਤਕ ਚੰਗੀ ਤਰਾਂ ਮੂੰਹ ’ਤੇ ਲਾਇਆ ਹੋਵੇ) ਅਤੇ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਲਗਾਈ ਹੋਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ, ਆਪਣੇ ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਦੀ ਚੰਗੀ ਸਿਹਤ ਲਈ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਮਾਸਕ ਲਾਜ਼ਮੀ ਤੋਰ ’ਤੇ ਪਾਇਆ ਜਾਵੇ, ਵੈਕਸ਼ੀਨੇਸ਼ਨ ਲਗਾਈ ਜਾਵੇ, ਹੱਥਾਂ ਨੂੰ ਸਾਬੁਣ ਨਾਲ ਵਾਰ-ਵਾਰ ਧੋਤਾ ਜਾਵੇ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖੀ ਜਾਵੇ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੇ ਅਜੇ ਤਕ ਵੈਕਸ਼ੀਨੇਸ਼ਨ ਨਹੀਂ ਲਗਵਾਈ , ਉਹ ਤੁਰੰਤ ਵੈਕਸ਼ੀਨੇਸ਼ਨ ਲਗਵਾਉਣ।