ਗੁਰਦਾਸਪੁਰ, 27 ਦਿਸੰਬਰ (ਮੰਨਣ ਸੈਣੀ)। ਦੀਨਾਨਗਰ ਤੋਂ ਬਸਪਾ ਵੱਲੋ ਉਮੀਦਵਾਰ ਚੁਨਣ ਤੇ ਸੀਨੀਅਰ ਅਕਾਲੀ ਆਗੂ ਅਤੇ ਸਿਆਸੀ ਮਾਮਲਿਆਂ ਦੇ ਮੈਂਬਰ ਨਰਿੰਦਰ ਸਿੰਘ ਵਾੜਾ ਨੇ ਆਪਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਆਪਣੇ ਪਿੰਡ ਵਾੜਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਵਾੜਾ ਨੇ ਕਿਹਾ ਕਿ ਦੀਨਾਨਗਰ ਤੋਂ ਅਕਾਲੀ -ਬਸਪਾ ਗਠਜੋੜ ਵੱਲੋਂ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਉਹ ਉਸ ਦੇ ਨਾਲ ਨਹੀਂ ਚਲਣਗੇ ਅਤੇ ਉਨ੍ਹਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪਹਿਲਾਂ ਹੀ ਪਾਰਟੀ ਵਿੱਚ ਆਪਣਾ ਰੋਸ ਦਰਜ ਕਰਵਾ ਚੁੱਕੇ ਹਨ। ਜਿਸ ਲਈ ਉਨ੍ਹਾਂ ਪਾਰਟੀ ਨੂੰ 27 ਦਸੰਬਰ ਤੱਕ ਦਾ ਸਮਾਂ ਦਿੱਤਾ ਸੀ। ਵਾੜਾ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ’ਤੇ ਮੰਤਰੀ ਅਰੁਣਾ ਚੌਧਰੀ ਦੇ ਪਤੀ ਅਸ਼ੋਕ ਚੌਧਰੀ ਨਾਲ ਮਿਲ ਕੇ ਅਜਿਹੇ ਕਮਜ਼ੋਰ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨ ਦਾ ਦੋਸ਼ ਲਾਇਆ ਤਾਂ ਜੋ ਕਾਂਗਰਸ ਨੂੰ ਆਸਾਨੀ ਨਾਲ ਜਿਤਾਇਆ ਜਾ ਸਕੇ।
ਉੱਧਰ ਦੂਜੇ ਪਾਸੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦਾ ਕਹਿਣਾ ਹੈ ਕਿ ਦੀਨਾਨਗਰ ਦੀ ਸੀਟ ਅਕਾਲੀ ਬਸਪਾ ਗਠਬੰਧਨ ਦੇ ਤਹਿਤ ਬਸਪਾ ਕੋਲ ਆਈ ਹੈ। ਉਮੀਦਵਾਰ ਚੁਨਣ ਦਾ ਫੈਸਲਾ ਬਸਪਾ ਪਾਰਟੀ ਵੱਲੋ ਅਤੇ ਉਹਨਾਂ ਦੀ ਹਾਈਕਮਾਨ ਵੱਲੋਂ ਲਿਆ ਗਿਆ ਹੈ। ਜਿਸ ਵਿੱਚ ਅਕਾਲੀ ਦਲ ਦਾ ਕੋਈ ਦਖਲ ਨਹੀਂ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਅਤੇ ਸਮਰਥੱਕ ਗਠਬੰਧਨ ਦਾ ਧਰਮ ਨਿਭਾਉਣਗੇਂ ਅਤੇ ਪਾਰਟੀ ਵੱਲੋਂ ਮਿਲੇ ਫਰਮਾਨ ਦੇ ਤਹਿਤ ਬਸਪਾ ਉਮੀਦਵਾਰ ਦੀ ਪੂਰੀ ਤਰਾਂ ਮਦਦ ਕਰਨਣਗੇਂ।