ਚੰਡੀਗੜ, 21 ਦਸੰਬਰ। ਰਜਨੀਸ਼ ਭਗਤ ਨੇ ਅੱਜ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਡਾ: ਰਾਜ ਕੁਮਾਰ ਵੇਰਕਾ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਹਿੰਦਰ ਸਿੰਘ ਕੇ.ਪੀ ਦੀ ਮੌਜੂਦਗੀ ਵਿੱਚ ਪੰਜਾਬ ਜੈਨਕੋ ਲਿਮਟਿਡ (ਪੰਜਾਬ ਊਰਜਾ ਵਿਕਾਸ ਏਜੰਸੀ ਦੀ 100 ਫੀਸਦ ਸਹਾਇਕ ਕੰਪਨੀ) ਦੇ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਮੈਨੇਜਿੰਗ ਡਾਇਰੈਕਟਰ ਅਤੇ ਸ੍ਰੀ ਐਮ.ਪੀ ਸਿੰਘ ਡਾਇਰੈਕਟਰ ਅਤੇ ਪੰਜਾਬ ਜੈਨਕੋ ਲਿਮਟਿਡ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਸ੍ਰੀ ਰੰਧਾਵਾ ਨੇ ਡਾ. ਰਾਜ ਕੁਮਾਰ ਵੇਰਕਾ ਨੂੰ ਪੇਡਾ/ਪੀ.ਜੀ.ਐਲ ਵੱਲੋਂ ਚਲਾਏ ਜਾ ਰਹੇ ਆਰ.ਈ.ਪ੍ਰਾਜੈਕਟਾਂ/ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵੇਰਕਾ ਨੇ ਪੰਜਾਬ ਰਾਜ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਅਤੇ ਇਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕਾਰਬਨ ਕਣਾਂ ਨੂੰ ਘਟਾਉਣ ਅਤੇ ਨਵਿਆਉਣਯੋਗ ਊਰਜਾ ਦੀ ਲਾਹੇਵੰਦ ਵਰਤੋਂ ਨੂੰ ਵਧਾਉਣ ਲਈ ਇਸ ਵਾਤਾਵਰਣ ਪੱਖੀ ਊਰਜਾ ਖੇਤਰ ਵਿੱਚ ਹੋਰ ਸੰਭਾਵਨਾਵਾਂ ਤਲਾਸ਼ਣ ਦੀ ਇੱਛਾ ਜ਼ਾਹਰ ਕੀਤੀ। ਮੈਨੇਜਿੰਗ ਡਾਇਰੈਕਟਰ ਨੇ ਇਸ ਖੇਤਰ ਨੂੰ ਅੱਗੇ ਵਧਾਉਣ ਅਤੇ ਮੰਤਰੀ ਦੀ ਯੋਗ ਅਗਵਾਈ ਹੇਠ ਰਾਜ ਵਿੱਚ ਹੋਰ ਆਰ.ਈ (ਨਵਿਆਉਣਯੋਗ ਊਰਜਾ) ਪ੍ਰੋਜੈਕਟਾਂ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ।