ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

26 ਦਸੰਬਰ ਨੂੰ ਸੈਣੀ ਸਭਾ ਗੁਰਦਾਸਪੁਰ ਵੱਲੋਂ ਕਰਵਾਇਆ ਜਾਵੇਗਾ ਵੱਡਾ ਸੰਮੇਲਨ

26 ਦਸੰਬਰ ਨੂੰ ਸੈਣੀ ਸਭਾ ਗੁਰਦਾਸਪੁਰ ਵੱਲੋਂ ਕਰਵਾਇਆ ਜਾਵੇਗਾ ਵੱਡਾ ਸੰਮੇਲਨ
  • PublishedDecember 20, 2021

ਸੈਣੀ ਸਮਾਜ ਦੀ ਬਿਹਤਰੀ ਅਤੇ ਚੜ੍ਹਦੀ ਕਲਾ ਲਈ ਸੈਣੀ ਸਭਾ ਦਾ ਗਠਨ : ਜਤਿੰਦਰਪਾਲ ਸਿੰਘ ਲਾਡਾ

ਗੁਰਦਾਸਪੁਰ, 20 ਦਸੰਬਰ (ਮੰਨਣ ਸੈਣੀ)। ਸ਼੍ਰੀ ਸ਼ੂਰ ਸੈਣੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੈਣੀ ਸਭਾ ਗੁਰਦਾਸਪੁਰ ਵੱਲੋਂ ਇਕ ਵੱਡਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੈਣੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਲਾਡਾ ਵੱਲੋ ਸਭਾ ਦੇ ਮੈਂਬਰਾਂ ਵੱਲੋ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿੱਚ ਦਿੱਤੀ ਗਈ। ਮੀਟਿੰਗ ਵਿਚ ਜਨਰਲ ਸਕੱਤਰ ਬਖਸ਼ੀਸ਼ ਸਿੰਘ ਸੈਣੀ, ਖਜ਼ਾਨਚੀ ਮਲਕੀਅਤ ਸਿੰਘ, ਸਕੱਤਰ ਕਰਮਾ ਸਿੰਘ ਸੈਣੀ, ਸਲਾਹਕਾਰ ਪ੍ਰੀਤਮ ਸਿੰਘ ਸੈਣੀ ਅਤੇ ਹੋਰ ਅਧਿਕਾਰੀਆਂ ਤੇ ਸਾਥੀਆਂ ਨੇ ਸ਼ਮੂਲੀਅਤ ਕੀਤੀ |

ਮੀਟਿੰਗ ਵਿੱਚ ਸਭਾ ਦੇ ਅਹੁਦੇਦਾਰਾਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 26 ਦਸੰਬਰ ਨੂੰ ਸੈਣੀ ਸਭਾ ਵੱਲੋਂ ਲੱਕੀ ਸੈਲੀਬ੍ਰੇਸ਼ਨ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਵਿਸ਼ਾਲ ਸੰਮੇਲਨ ਕਰਵਾਇਆ ਜਾਏਗਾ। ਜਿਸ ਵਿੱਚ ਸੈਣੀ ਭਾਈਚਾਰੇ ਦੇ ਬੁੱਧੀਜੀਵੀ ਭਾਗ ਲੈਣਗੇ ਅਤੇ ਸੈਣੀ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਲੋੜਾਂ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਨਗੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸੈਣੀ ਸਭਾ ਇੱਕ ਗੈਰ-ਸਿਆਸੀ ਜਥੇਬੰਦੀ ਹੈ, ਜਿਸ ਦਾ ਗਠਨ ਸੈਣੀ ਭਾਈਚਾਰੇ ਦੇ ਲੋਕਾਂ ਦੀ ਬਿਹਤਰੀ ਅਤੇ ਉੱਨਤੀ ਲਈ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਭਾ ਦਾ ਗਠਨ ਸਮਾਜ ਦੇ ਕਮਜ਼ੋਰ ਵਰਗ ਦੀ ਉੱਚ ਸਿੱਖਿਆ, ਹੋਣਹਾਰ ਵਿਦਿਆਰਥੀਆਂ, ਲੋੜਵੰਦਾਂ ਦੀ ਮਦਦ ਕਰਨ ਅਤੇ ਸੈਣੀ ਸਮਾਜ ਦੀ ਬਿਹਤਰੀ ਲਈ ਯੋਗ ਪ੍ਰਬੰਧ ਕਰਨ ਲਈ ਕੀਤਾ ਗਿਆ ਹੈ ਤਾਂ ਜੋ ਸਮਾਜ ਦੇ ਕਿਸੇ ਵੀ ਵਰਗ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਯਾ ਮੁਸ਼ਕਲ ਨਾ ਝੱਲਣੀ ਪਵੇ | ਉਨ੍ਹਾਂ ਕਿਹਾ ਕਿ 26 ਦਸੰਬਰ ਨੂੰ ਹੋਣ ਵਾਲੀ ਸੈਣੀ ਸਭਾ ਸੰਮੇਲਨ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਸਬੰਧੀ ਪਿੰਡ-ਪਿੰਡ ਜਾ ਕੇ ਸੈਣੀ ਭਾਈਚਾਰੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸੈਣੀ ਭਾਈਚਾਰੇ ਦੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਨਫਰੰਸ ਵਿੱਚ ਜ਼ਰੂਰ ਸ਼ਿਰਕਤ ਕਰਨ ਤਾਂ ਜੋ ਸਭਾ ਦੇ ਗਠਨ ਦੇ ਵਿਸਥਾਰ ਦੇ ਨਾਲ-ਨਾਲ ਸੈਣੀ ਭਾਈਚਾਰੇ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਹੱਲ ਕੀਤਾ ਜਾ ਸਕੇ। ਮੀਟਿੰਗ ਵਿੱਚ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸੰਕਲਪ ਲਿਆ ਕਿ ਉਹ ਸੈਣੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਹਾਜ਼ਰ ਸਨ।

Written By
The Punjab Wire