ਗੁਰਦਾਸਪੁਰ, 19 ਦਿਸੰਬਰ (ਮੰਨਣ ਸੈਣੀ)। ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਕਮਲਜੀਤ ਚਾਵਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਸਮਰਥਨ ਮਿਲਿਆ ਜਦੋਂ ਟਿਕਟ ਦੇ ਪਰਮੁੱਖ ਦਾਵੇਦਾਰ ਰਹੇ ਰਵੀ ਮੋਹਨ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਰਾਹਨੁਮਾਈ ਵਿਚ ਉਹਨਾਂ ਨੂੰ ਪੂਰਾ ਸਮਰਥਨ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ।
ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਕਮਲਜੀਤ ਚਾਵਲਾ ਦੇ ਨਾਲ-ਨਾਲ ਰਵੀ ਮੋਹਨ ਵੀ ਪ੍ਰਮੁਖ ਦਾਅਵੇਦਾਰ ਸਨ। ਜੋ ਕਿ ਕਮਲਜੀਤ ਚਾਵਲਾ ਨੂੰ ਟਿਕਟ ਮਿਲਣ ਤੋਂ ਨਾਰਾਜ਼ ਚੱਲ ਰਹੇ ਸਨ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਸਮਝਾਉਣ ਤੇ ਉਹ ਕਮਲਜੀਤ ਚਾਵਲਾ ਨੂੰ ਸਮਰਥਨ ਦੇਣ ਲਈ ਤਿਆਰ ਹੋ ਗਏ ਅਤੇ ਚੋਣਾਂ ਵਿੱਚ ਪੂਰੀ ਤਨਦੇਹੀ ਨਾਲ ਉਨ੍ਹਾਂ ਦਾ ਸਾਥ ਦੇਣ ਦਾ ਵਿਸ਼ਵਾਸ਼ ਦਵਾਇਆ।
ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਹਲਕੇ ਵਿਚ ਇਕ ਹੀ ਉਮੀਦਵਾਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਪਾਰਟੀ ਵੱਲੋਂ ਜਿਸ ਵੀ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਬਾਕੀ ਨੇਤਾਵਾਂ ਦਾ ਫਰਜ਼ ਬਣਦਾ ਹੈ ਕਿ ਉਸ ਦਾ ਪੂਰਾ ਸਮਰਥਨ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਦੀ ਸਰਕਾਰ ਬਣਨ ਤੇ ਸਾਰੇ ਨੇਤਾਵਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਜਨਰਲ ਸਕੱਤਰ ਕਿਰਪਾਲ ਸਿੰਘ ਗੂੰਜੀਆਂ, ਸਰਕਲ ਪ੍ਰਧਾਨ ਵਿਜੇ ਕੁਮਾਰ ਮਹਾਜਨ, ਸਰਕਲ ਪ੍ਰਧਾਨ ਦਲਬੀਰ ਸਿੰਘ ਬਿੱਲਾ, ਮਹਿੰਦਰ ਸਿੰਘ , ਗੁਰਪ੍ਰਤਾਪ ਸਿੰਘ ਗੂੰਜੀਆਂ ਆਦਿ ਹਾਜ਼ਰ ਸਨ।