ਅੰਮ੍ਰਿਤਸਰ, 18 ਦਸੰਬਰ 2021 – ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਹਾਲਾਕਿ ਕੀ ਇਹ ਬੇਅਦਬੀ ਸੀ ਯਾ ਕੁੱਝ ਹੋਰ ਇਹ ਮਾਮਲਾ ਹਾਲੇ ਵੀ ਵਿਸ਼ਾ ਜਾਂਚ ਅਧੀਨ ਹੈ । ਪਰ ਬੇਅਦਬੀ ਦੀ ਕੋਸ਼ਿਸ਼ ਕਰਨ ਦੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਸਿੱਖ ਸੰਗਤ ‘ਚ ਰੋਸ ਫੈਲ ਗਿਆ। ਜਿਸ ਤੋਂ ਬਾਅਦ ਜਦੋਂ ਭੀੜ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਭੀੜ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਾਲੇ ਵਿਅਕਤੀ ਦੀ ਮੌਤ ਦੀ ਐਸ ਜੀ ਪੀ ਸੀ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ।
ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਇੱਕ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਮੌਕੇ ਤੋਂ ਹੀ ਚੌਕਸ ਸੇਵਾਦਾਰਾਂ ਨੇ ਕਾਬੂ ਕਰ ਲਿਆ ਸੀ।
ਜਿਸ ਸਮੇਂ ਦਰਬਾਰ ਸਾਹਿਬ ‘ਚ ਸ਼ਰਧਾਲੂ ਮੱਥਾ ਟੇਕ ਰਹੇ ਸਨ ਤਾਂ ਇੱਕ ਵਿਅਕਤੀ ਗੁਰੂ ਸਾਹਿਬ ਜੀ ਦੇ ਸੁਸ਼ੋਭਿਤ ਵਾਲੀ ਥਾਂ ‘ਤੇ ਜੰਗਲਾ ਟੱਪ ਕੇ ਆ ਗਿਆ ਅਤੇ ਉਸ ਨੇ ਰੁਮਾਲਾ ਸਾਹਿਬ ‘ਤੇ ਪੈਰ ਰੱਖ ਦਿੱਤਾ। ਪਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਤੋਂ ਪਹਿਲਾਂ ਹੀ ਮੌਕੇ ‘ਤੋਂ ਹੀ ਚੌਕਸ ਸੇਵਾਦਾਰਾਂ ਨੇ ਕਾਬੂ ਕਰ ਲਿਆ ਗਿਆ ਸੀ।
ਇਸ ਮੌਕੇ ਤਾਬਿਆ ਬੈਠ ਕੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੇ ਸੂਝ ਬੂਝ ਦਾ ਪ੍ਰਗਟਾਵਾ ਕਰਦਿਆਂ ਅਡੋਲ ਰਹਿੰਦੇ ਹੋਏ ਰਹਿਰਾਸ ਸਾਹਿਬ ਦਾ ਪਾਠ ਜਾਰੀ ਰੱਖ਼ਿਆ। ਜਦਕਿ ਉਨ੍ਹਾਂ ਦੇ ਨਾਲ ਡਿਊਟੀ ’ਤੇ ਬੈਠੇ ਸਿੰਘ ਵੀ ਉਕਤ ਵਿਅਕਤੀ ਨੂੰ ਦਬੋਚਨ ਲਈ ਭੱਜੇ। ਇਸੇ ਦੌਰਾਨ ਇਸ ਹਰਕਤ ਨੂੰ ਵੇਖ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਬੈਠੀ ਪਾਠ ਸੁਣ ਰਹੀ ਸੰਗਤ ਵੀ ਹੈਰਾਨੀ ਵਿੱਚ ਖੜ੍ਹੇ ਹੁੰਦੀ ਵਿਖ਼ਾਈ ਦਿੱਤੀ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆਪਣੀ ਤਰ੍ਹਾਂ ਦਾ ਵਾਪਰਿਆ ਇਹ ਪਹਿਲਾ ਵਰਤਾਰਾ ਹੈ।
ਇਸ ਘਟਨਾ ਤੋਂ ਬਾਅਦ ਪੁਲਿਸ ਪੂਰੀ ਤਰਾਂ ਚੌਕਸ ਹੋ ਗਈ ਹੈ ਅਤੇ ਹਰ ਜ਼ਿਲੇ ਵਿੱਚ ਮਾਰਚ ਕਡੱਣ ਦੀ ਤਿਆਰੀ ਕੀਤੀ ਜਾ ਰਹੀ ਹੈ।