ਗੁਰਦਾਸਪੁਰ ਅੰਦਰ ਰੇਤੇ ਦਾ ਭਾਅ 2200 ਰਪਏ ਪ੍ਰਤੀ ਸੈਂਕੜਾ ਤੋਂ 1400 ਰੁਪਏ ਤਕ ਹੇਠਾਂ ਆਇਆ
ਗੁਰਦਾਸਪੁਰ, 17 ਦਸੰਬਰ ( ਮੰਨਣ ਸੈਣੀ )। ਪੰਜਾਬ ਸਰਕਾਰ ਵਲੋਂ ਰੇਤੇ ਦਾ ਭਾਅ 5.50 ਰੁਪਏ ਵਰਗ ਫੁੱਟ ਨਿਰਧਾਰਤ ਕਰਨ ਨੂੰ ਜ਼ਿਲੇ ਗੁਰਦਾਸਪੁਰ ਵਿਚ ਸਖ਼ਤੀ ਨਾਲ ਲਾਗੂ ਕਰਨ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਤਹਿਤ ਰੇਤੇ ਦਾ ਪ੍ਰਤੀ ਸੈਂਕੜਾ ਭਾਅ 2200-2300 ਰੁਪਏ ਤੋਂ ਘਟਕੇ 1400 ਰੁਪਏ ਤਕ ਆ ਗਿਆ ਹੈ, ਜਿਸ ਵਿਚ 5.50 ਰੁਪਏ ਵਰਗ ਫੁੱਤ ਰੇਤੇ ਦੀ ਖੱਡ ਤੋ ਭਰਾਈ ਤੋਂ ਬਾਅਦ ਉਪਭੋਗਤਾ ਤੱਕ ਢੋਆ-ਢੁਆਈ ’ਤੇ ਲਵਾਈ ਦੇ ਖਰਚ ਵੀ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰੇਤੇ ਦੇ ਭਾਅ ਨੂੰ ਨਿਰਧਾਰਤ ਕਰਨ ਪਿੱਛੋ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਤਕ ਵਾਜਬ ਦਰਾਂ ’ਤੇ ਰੇਤਾ ਪੁੱਜਦਾ ਕਰਨ ਲਈ ਜਿਥੇ ਖੱਡਾਂ ’ਤੇ ਰੇਤੇ ਦਾ ਸਰਕਾਰੀ ਭਾਅ ਸਬੰਧੀ ਹੋਰਡਿੰਗ ਲਗਾਏ ਹਨ, ਓਥੇ ਜ਼ਿਲੇ ਭਰ ਅੰਦਰ ਖਪਤਕਾਰਾਂ ਨੂੰ ਵੀ ਜਾਗਰੂਕ ਕੀਤਾ ਗਿਆ ਹੈ।
ਮਾਈਨਿੰਗ ਵਿਭਾਗ ਦੇ ਐਕਸੀਅਨ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਮੋਬਾਇਲ ਐਪ ਰਾਹੀਂ ਕਿਸੇ ਵੀ ਤਰਾਂ ਦੀ ਨਾਜਾਇਜ਼ ਖੁਦਾਈ ਤੇ ਢੋਆ-ਢੁਆਈ ਨੂੰ ਚੈੱਕ ਕੀਤਾ ਜਾ ਰਿਹਾ ਹੈ, ਜਿਸ ਤਹਿਤ ਡੀ-ਸਿਲਟਿੰਗ ਸਾਈਟ ਤੋਂ ਠੇਕੇਦਾਰਾਂ ਵਲੋਂ ਜਾਰੀ ਪਰਚੀ ਉੱਪਰ ਕਿਊ-ਆਰ ਕੋਡ ਸਕੈਨ ਕੀਤਾ ਜਾ ਸਕਦਾ ਹੈ, ਜਿਸ ਰਾਹੀਂ ਉਸ ਪਰਚੀ ਨੂੰ ਪੰਜਾਬ ਭਰ ਵਿਚ ਕਿਤੇ ਵੀ ਇਹ ਸਕੈਨ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਰੇਤੇ ਦੀ ਟਰਾਲੀ ਜਾਂ ਟਿੱਪਰ ਕਿਸ ਖੱਡ ਵਿਚੋਂ ਆਇਆ ਹੈ।
ਜ਼ਿਕਰਯੋਗ ਹੈ ਕਿ ਰੇਤੇ ਦੀ ਸਪਲਾਈ ਲਗਾਤਾਰ ਜਾਰੀ ਹੈ ਅਤੇ ਲੋਕਾਂ ਤਕ ਬਿਲਕੁਲ ਵਾਜਿਬ ਦਰਾਂ ’ਤੇ ਰੇਤਾ ਪੁੱਜਦਾ ਕਰਨ ਲਈ ਮਾਈਨਿੰਗ ਵਿਭਾਗ ਦੀਆਂ ਟੀਮਾਂ ਵਲੋਂ ਰੇਤੇ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਰੇਤਾ ਨਿਰਧਾਰਤ ਭਾਅ ਤੋਂ ਉੱਪਰ ਨਾ ਵੇਚਿਆ ਜਾਵੇ।
ਖੱਡ ਚੱਕ ਰਾਮ ਸਹਾਏ ਨੇੜੇ ਮਕੋੜਾ ਪੱਤਣ ਤੋਂ ਗੁਰਦਾਸਪੁਰ ਸ਼ਹਿਰ ਤੋਂ ਰੇਤ ਲੈਣ ਆਏ ਟਿੱਪਰ ਦੇ ਡਰਾਈਵਰ ਗਗਨ ਕੁਮਾਰ ਨੇ ਦੱਸਿਆ ਕਿ ਉਸਨੂੰ ਰੇਤ 5.50 ਰੁਪਏ ਵਰਗ ਫੁੱਟ ਮਿਲੀ ਹੈ ਅਤੇ ਇਥੇ ਕੋਈ ਪਰੇਸ਼ਾਨੀ ਨਹੀਂ ਆਈ ਹੈ। ਇਸੇ ਤਰਾਂ ਬਹਿਰਾਮਪੁਰ ਦੇ ਨਵੀਨ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰੇਤ ਦਾ ਭਾਅ ਘਟਾਉਣ ਨਾਲ ਬਹੁਤ ਰਾਹਤ ਮਿਲੀ ਹੈ ਅਤੇ ਖੱਡ ਤੋਂ 5.50 ਰੁਪਏ ਵਰਗ ਫੁੱਟ ਦੇ ਹਿਸਾਬ ਨਾਲ ਰੇਤ ਮਿਲ ਰਹੀ ਹੈ।
ਰਾਜਗਿਰੀ ਦਾ ਕੰਮ ਕਰਦੇ ਬਲਦੇਵ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਰੇਤੇ ਦੇ ਭਾਅ ਵਿਚ ਕਮੀ ਨਾਲ ਉਨਾਂ ਦੇ ਕੰਮ ਵਿਚ ਤੇਜ਼ੀ ਆਈ ਹੈ ਤੇ ਵਿਸ਼ੇਸ ਕਰਕੇ ਘਰਾਂ ਦੀ ਉਸਾਰੀ ਦਾ ਕੰਮ ਵਧਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਪਹਿਲਾਂ ਵੀ ਸੂਚਿਤ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਨਿਯਮਾਂ ਦੀ ਕਿਸੇ ਵੀ ਉਲੰਘਣਾ ਬਾਰੇ ਵੀਡੀਓ ਜਾਂ ਕਿਸੇ ਹੋਰ ਰੂਪ ਵਿੱਚ ਸਬੂਤ ਦਿੰਦਾ ਹੈ ਤਾਂ ਉਸਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਇਸ ਲਈ ਜਿਲਾ ਵਾਸੀ ਵੀਡੀਓ ਜਾਂ ਜਾਣਕਾਰੀ ਵਟਸਐਪ ਨੰਬਰ 62393-01830 ਉੱਤੇ ਭੇਜ ਸਕਦੇ ਹਨ। ਜਾਂ ਪੀ.ਜੀ.ਆਰ.ਐਸ ਵੈੱਬ ਪੋਰਟਲ connect.punjab.gov.in ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।