ਪੰਜਾਬ ਸਰਕਾਰ ਨੇ ਗੁਰਦਾਸਪੁਰ ਵਿਖੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਰਾਜ ਪੱਧਰੀ ਸਮਾਗਮ
ਗੁਰਦਾਸਪੁਰ, 16 ਦਸੰਬਰ ( ਮੰਨਣ ਸੈਣੀ )। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਈਸਾਈ ਭਾਈਚਾਰੇ ਦੇ ਹਿੱਤ ਵਿੱਚ ਕਈ ਇਤਿਹਾਸਕ ਐਲਾਨ ਕਰਦਿਆ ਕਿਹਾ ਕਿ ਪਵਿੱਤਰ ਬਾਈਬਲ ਦੇ ਅਧਿਐਨ ਲਈ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕੀਤੀ ਜਾਵੇਗੀ। ਗੁਰਦਾਸਪੁਰ ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਬੋਲਦਿਆ ਸ੍ਰੀ ਚੰਨੀ ਨੇ ਕਿਹਾ ਕਿ ਈਸਾਈ ਭਾਈਚਾਰੇ ਨੂੰ ਸਰਕਾਰ ਦੇ ਬੋਰਡਾਂ ਵਿੱਚ ਨੁੰਮਾਇਦਗੀ ਦਿੱਤੀ ਜਾਵੇਗੀ। ਉਨ੍ਹਾਂ ਸਮੁੱਚੇ ਈਸਾਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।
ਮੁੱਖ ਮੰਤਰੀ ਪੰਜਾਬ ਵਲੋਂ ਈਸਾਈ ਭਾਈਚਾਰੇ ਵੱਲੋਂ ਉਠਾਏ ਮੁੱਦਿਆਂ ਬਾਰੇ ਬੋਲਦਿਆਂ ਕਿਹਾ ਕਿ ਜਿਨ੍ਹਾਂ ਜ਼ਿਲਿ੍ਹਆਂ ਵਿਚ ਇਸਾਈ ਭਾਈਚਾਰਾ ਹੈ, ਉਥੇ ਕਬਰਿਸਤਾਨਾਂ ਦੀ ਸਮੱਸਿਆ ਵੀ ਹੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨਾ ਥਾਵਾਂ ਉੱਤੇ ਇਸਾਈ ਭਾਈਚਾਰੇ ਦੀ ਅਬਾਦੀ ਹੈ, ਪਰ ਕਬਰਸਤਾਨ ਲਈ ਜਗ੍ਹਾ ਨਹੀਂ ਹੈ, ਉਨ੍ਹਾਂ ਵਿੱਚ ਜਗ੍ਹਾ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾਵੇਗੀ, ਜਿੱਥੇ ਇਸਾਈ ਭਾਈਚਾਰੇ ਨਾਲ ਸਬੰਧਤ ਲੋਕ ਆਪਣੀ ਖੁਸ਼ੀ-ਗਮੀ ਦਾ ਪ੍ਰਬੰਧ ਕਰ ਸਕਣਗੇ।
ਇਸ ਮੌਕੇ ਮਸੀਹ ਭਾਈਚਾਰੇ ਦੇ ਧਾਰਮਿਕ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਪਵਿੱਤਰ ਬਾਈਬਲ ਭੇਂਟ ਕੀਤੀ ਗਈ ਤੇ ਨਾਲ ਹੀ ਉਨਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ ,ਉੱਪ ਮੁੱਖ ਮੰਤਰੀ ਪੰਜਾਬ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਵਿਸ਼ਵ ਸਾਂਤੀ, ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ, ਉਨਾਂ ਦੀਆਂ ਸਿੱਖਿਆਂਵਾ ’ਤੇ ਚੱਲਣਾ ਚਾਹੀਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੱਡੇ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਰੇ ਧਰਮ ਅਤੇ ਉਨਾਂ ਦੇ ਰਹਿਬਰ ਸਾਨੂੰ ਆਪਸੀ ਭਾਈਚਾਰੇ ਦਾ ਸ਼ੰਦੇਸ ਦਿੰਦੇ ਹਨ। ਉਨਾਂ ਕਿਹਾ ਕਿ ਈਸਾਈ ਧਰਮ ਦੀ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਬਹੁਤ ਵੱਡੀ ਦੇਣ ਹੈ ਅਤੇ ਆਪਣੀ ਸੇਵਾ ਭਾਵਨਾ ਨਾਲ ਈਸਾਈ ਧਰਮ ਪੂਰੀ ਦੂਨੀਆਂ ਵਿਚ ਫੈਲ ਚੁੱਕਾ ਹੈ। ਉਨਾਂ ਕਿਹਾ ਕਿ ਸਾਨੂੰ ਆਪਣੇ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਮਸੀਹ ਵਰਗੇ ਮਹਾਂਪੁਰਖਾਂ ਦੀਆਂ ਸਿੱਖਿਆਵਾ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਮੌਕੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਤੇ ਚੇਅਰਮੈਨ ਮਿਲਕਫੈੱਡ ਪੰਜਾਬ ਨੇ ਪ੍ਰਭੂ ਯਿਸੂ ਮਸੀਹ ਜੀ ਦਾ ਰਾਜ ਪੱਧਰੀ ਜਨਮ ਦਿਹਾੜਾ ਗੁਰਦਾਸਪੁਰ ਵਿਖੇ ਮਨਾਉਣ ’ਤੇ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਇਕ ਨਿਮਾਣੇ ਸ਼ਰਧਾਲੂ ਦੀ ਤਰ੍ਹਾਂ ਇਸ ਸਮਾਗਮ ਵਿਚ ਹਾਜ਼ਰੀ ਲਗਵਾਈ ਹੈ ਅਤੇ ਨਾਲ ਹੀ ਉਨਾਂ ਨੇ ਮਸੀਹ ਭਾਈਚਾਰੇ ਦੀ ਖੁਸ਼ਹਾਲੀ ਲਈ ਮਹੱਤਵਪੂਰਨ ਐਲਾਨ ਵੀ ਕੀਤੇ ਹਨ। ਉਨਾਂ ਨੇ ਸਮੂਹ ਮਸੀਹ ਭਾਈਚਾਰੇ ਦਾ ਇਸ ਰਾਜ ਪੱਧਰੀ ਸਮਾਗਮ ਵਿਚ ਆਉਣ ’ਤੇ ਧੰਨਵਾਦ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਅਤੇ ਕਾਦੀਆਂ ਦੇ ਵਿਧਾਇਕ ਸ੍ਰੀ ਫਤਹਿਜੰਗ ਸਿੰਘ ਬਾਜਵਾ ਵਲੋਂ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਗਈ।
ਇਸ਼ ਮੌਕੇ ਸ੍ਰੀ ਸਲਾਮਤ ਮਸੀਹ, ਚੇਅਰਮੈਨ ਕਿ੍ਰਸ਼ਚੀਅਨ ਵੈਲਫੇਅਰ ਬੋਰਡ ਪੰਜਾਬ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਜਿਥੇ ਪੂਰੇ ਸੰਸਾਰ ਵਿਚ ਮਨਾਇਆ ਜਾ ਰਿਹਾ ਹੈ, ਓਥੇ ਪੰਜਾਬ ਸਰਕਾਰ ਨੇ ਗੁਰਦਾਸਪੁਰ ਵਿਖੇ ਰਾਜ ਪੱਧਰੀ ਸਮਾਗਮ ਕਰਵਾ ਕੇ ਮਸੀਹ ਭਾਈਚਾਰੇ ਨੂੰ ਮਾਣ ਦਿੱਤਾ ਹੈ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਮਸੀਹ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ ਅਤੇ ਅੱਜ ਮੁੱਖ ਮੰਤਰੀ ਪੰਜਾਬ ਨੇ ਪਵਿੱਤਰ ਬਾਈਬਲ ਦੇ ਅਧਿਐਨ ਲਈ ਯੂਨੀਵਰਸਿਟੀ ਵਿਚ ਚੇਅਰ ਸਥਾਪਤ ਕਰਨ ਦਾ ਐਲਾਨ ਕਰਕੇ, ਇਕ ਹੋਰ ਸ਼ਲਾਘਾਯੋਗ ਫੈਸਲਾ ਕੀਤਾ ਹੈ। ਇਸ ਮੌਕੇ ਉਨਾਂ ਪੰਜਾਬ ਭਰ ਵਿਚੋਂ ਆਏ ਪਾਦਰੀ ਸਾਹਿਬਾਨ, ਧਾਰਮਿਕ ਆਗੂ ਅਤੇ ਸਮੁੱਚੀ ਮਸੀਹ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਕ੍ਰਿਸਮਿਸ ਦਿਹਾੜੇ ਨੂੰ ਸਮਰਪਿਤ ਹਾਜ਼ਰ ਮੰਤਰੀ ਸਾਹਿਬਾਨ, ਵਿਧਾਇਕਾਂ ਅਤੇ ਮਸੀਹ ਭਾਈਚਾਰੇ ਦੇ ਆਗੂਆਂ ਵਲੋਂ ਸਾਂਝੇ ਤੋਰ ’ਤੇ ਕੇਕ ਕੱਟਣ ਦੀ ਰਸਮ ਨਿਭਾਈ ਗਈ। ਇਸ ਉਪਰੰਤ ਹਾਜ਼ਰ ਵੱਖ-ਵੱਖ ਸਖਸੀਅਤਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਤ ਕੀਤਾ ਗਿਆ।
ਇਸ ਤੋਂ ਪਹਿਲਾਂ ਸਮਾਗਮ ਦੌਰਾਨ ਫਾਦਰ ਜੋਨ ਜਾਰਜ ਨੇ ਪ੍ਰਾਰਥਨਾ ਕੀਤੀ ਅਤੇ ਦਿੱਲੀ ਤੋਂ ਪੁਹੰਚੇ ਡੇਨੀਅਲ ਰਾਜੂ ਦਿਸਾਰੀ ਨੇ ਪਵਿੱਤਰ ਬਾਈਬਲ ਦਾ ਸੰਦੇਸ ਪੜ੍ਹਕੇ ਸੁਣਾਇਆ। ਸੈਂਟਰ ਕਾਰਪਸ ਗੁਰਦਾਸਪੁਰ ਅਤੇ ਮੈਕ ਰਾਬਰਟ ਹਸਪਤਾਲ ਧਾਰੀਵਾਲ ਦੇ ਵਲੰਟੀਅਰਾਂ ਨੇ ਮਸੀਹੀ ਭਜਨ ਗਾਇਨ ਕੀਤੇ।
ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ, ਐਡਵੋਕੈਟ ਬਲਜੀਤ ਸਿੰਘ ਪਾਹੜਾ, ਪ੍ਰਧਾਨ ਨਗਰ ਕੌਂਸਲ ਗੁਰਦਾਸਪੁਰ, ਤਰਸੇਮ ਸਹੋਤਾ, ਵਾਈਸ ਚੇਅਰਮੈਨ ਕਿ੍ਰਸ਼ਚੀਅਨ ਵੈਲਫੇਅਰ ਬੋਰਡ ਪੰਜਾਬ, ਦਰਸ਼ਨ ਮਹਾਜਨ ਜ਼ਿਲਾ ਪ੍ਰਧਾਨ ਕਾਂਗਰਸ ਪਾਰਟੀ, ਅਮਨਦੀਪ ਕੋਰ ਰੰਧਾਵਾ, ਪ੍ਰਧਾਨ ਮਹਿਲਾ ਮੰਡਲ, ਚੇਅਰਮੈਨ ਸੁੱਚਾ ਸਿੰਘ ਰਾਮਨਗਰ, ਡੈਨੀਅਲ ਰਾਜੂ ਦਿਸਾਰੀ, ਫਾਦਰ ਵਿਲੀਅਮ ਸਹੋਤਾ, ਫਾਦਰ ਜੋਨ ਜਾਰਜ, ਮੇਜਰ ਸੁਲੱਖਣ ਅੰਮ੍ਰਿਤਸਰ, ਮੇਜਰ ਰੋਬਿਨ ਗੁਰਦਾਸਪੁਰ, ਮੇਜਰ ਵਿਜੈਪਾਲ ਡੇਰਾ ਬਾਬਾ ਨਾਨਕ, ਮੇਜਰ ਥੋਮਸ ਬਟਾਲਾ, ਮੇਜਰ ਗੁਰਚਰਨ ਮੁਕੇਰੀਆਂ, ਮੇਜਰ ਵਿਲੀਅਮ ਮਸੀਹ , ਮਸੀਹੀ ਆਗੂ ਰੋਸ਼ਨ ਜੋਸਫ ਆਦਿ ਹਾਜਰ ਸਨ।