ਗੁਰਦਾਸਪੁਰ, 9 ਦਿਸੰਬਰ (ਮੰਨਣ ਸੈਣੀ)। ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਵੀਰਵਾਰ ਨੂੰ ਪੀਐਚਸੀ ਅਤੇ ਸੀਐਚਸੀ ਦੀਆਂ ਸਟਾਫ ਨਰਸਾਂ ਨੇ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਅੱਗੇ ਧਰਨਾ ਦਿੱਤਾ। ਧਰਨੇ ਤੋਂ ਬਾਅਦ ਬੱਸ ਸਟੈਂਡ ਤੱਕ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਦੂਜੇ ਪਾਸੇ ਸਟਾਫ਼ ਨਰਸਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਜਿਸ ਵਿੱਚ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਕਨਵੀਨਰ ਸ਼ਮਿੰਦਰ ਕੌਰ ਘੁੰਮਣ ਨੇ ਕਿਹਾ ਕਿ ਸਟਾਫ਼ ਨਰਸਾਂ ਦੀ ਹੜਤਾਲ ਦਾ ਅੱਜ ਚੌਥਾ ਦਿਨ ਹੈ ਪਰ ਅਜੇ ਤੱਕ ਸਰਕਾਰ ਨੇ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੇਗੀ। ਜਿਸ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਲੇਬਰ ਰੂਮ ਵੀ ਬੰਦ ਰਹਿਣਗੇ। ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਇਸੇ ਤਰ੍ਹਾਂ ਅਣਗੌਲਿਆ ਕੀਤਾ ਤਾਂ 10 ਦਸੰਬਰ ਨੂੰ ਰੋਸ ਰੈਲੀ ਕੱਢੀ ਜਾਵੇਗੀ ਅਤੇ ਡਾਕਖਾਨਾ ਚੌਕ ਵਿੱਚ ਜਾਮ ਲਗਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਇਸ ਮੌਕੇ ਗੁਰਮੀਤ ਕੌਰ, ਮੀਨਾ ਕੁਮਾਰੀ, ਸਤਵਿੰਦਰ ਕੌਰ, ਗਗਨਦੀਪ ਕੌਰ, ਪ੍ਰਦੀਪ ਕੁਮਾਰ, ਵਰਿੰਦਰ ਕੌਰ, ਮਾਇਆ, ਸਰਬਜੀਤ ਕੌਰ, ਅਰਵਿੰਦਰਜੀਤ ਕੌਰ, ਭੁਪਿੰਦਰ ਕੌਰ, ਸਰਬਜੀਤ ਕੌਰ, ਰਵਿੰਦਰ ਕੌਰ, ਰਾਜਬੀਰ ਕੌਰ, ਮਨਜਿੰਦਰ ਕੌਰ, ਨਵਦੀਪ ਕੌਰ, ਰਮਨੀਕ, ਪ੍ਰਭਜੋਤ. ਕੌਰ, ਰਸ਼ਮੀ, ਕਵਿਤਾ, ਬੇਵੀ, ਚਰਨਜੀਤ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।