ਗੁਰਦਾਸਪੁਰ, 6 ਦਸੰਬਰ ( ਮੰਨਣ ਸੈਣੀ )। ਅਸ਼ੋਕ ਕੁਮਾਰ ਈ.ਓ ਗੁਰਦਾਸਪੁਰ ਨੇ ਕਿਹਾ ਕਿ ਸ਼ਹਿਰ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਕੰਪਨੀਆਂ ਵਲੋਂ ਸ਼ਹਿਰ ਦੀਆਂ ਸਟਰੀਟ ਲਾਈਟਾਂ, ਬਿਜਲੀ ਦੇ ਪੋਲ ਤੇ ਹਰ ਪਬਲਿਕ ਸਥਾਨਾਂ ’ਤੇ ਬਿਨਾਂ ਕਿਸੇ ਮੰਨਜੂਰੀ ਦੇ ਪੋਸਟਰ, ਬੈਨਰ ਅਤੇ ਹੋਰਡਿੰਗਜ਼ ਬੋਰਡ ਲਗਾਏ ਗਏ ਹਨ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਬਹੁਤ ਪ੍ਰਭਾਵਿਤ ਹੋਈ ਹੈ।
ਉਨਾਂ ਅੱਗੇ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਬਿਨਾਂ ਕਿਸੇ ਮੰਨਜੂਰੀ ਦੇ ਰਾਜਨੀਤਿਕ ਪਾਰਟੀਆਂ ਦੇ ਨੇਤਾਂਵਾਂ ਤੇ ਕੰਪਨੀਆਂ ਵਲੋਂ ਪੋਸਟਰ ਤੇ ਬੈਨਰ ਲਗਾਏ ਗਏ ਹਨ। ਨਾਲ ਹੀ ਉਨਾਂ ਕਿਹਾ ਕਿ ਨਗਰ ਕੌਂਸਲ ਗੁਰਦਾਸਪੁਰ ਸ਼ਹਿਰ ਨੂੰ ਖੂਬਸੂਰਤ ਤੇ ਸੁੰਦਰ ਬਣਾਉਣ ਲਈ ਲਗਾਤਾਰ ਵਿਕਾਸ ਕਾਰਜ ਕਰਵਾ ਰਹੀ ਹੈ ਅਤੇ ਦੂਜੀ ਤਰਫ, ਕੁਝ ਪਾਰਟੀਆਂ ਤੇ ਕੰਪਨੀਆਂ ਵਲੋਂ ਸ਼ਹਿਰ ਦੀ ਸੰਦਰਤਾ ਨੂੰ ਗ੍ਰਹਿਣ ਲਗਾਇਆ ਜਾ ਰਿਹਾ ਹੈ, ਜਿਸ ਦਾ ਨਗਰ ਕੌਂਸਲ ਵਿਚ ਸਖ਼ਤ ਨੋਟਿਸ ਲਿਆ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਸਰਕਾਰੀ ਸੰਪਤੀ ਆਦਿ ਦਾ ਇਸਤੇਮਾਲ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਕੰਪਨੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵੀ ਬੋਰਡ ਜਾਂ ਬੈਨਰ ਲਗਾਉਣ ਤੋਂ ਪਹਿਲਾਂ ਕਮੇਟੀ ਦੀ ਸਹਿਮਤੀ ਜਰੂਰ ਪ੍ਰਾਪਤ ਕੀਤੀ ਜਾਵੇ ਅਤੇ ਨਿਰਧਾਰਤ ਕੀਤੇ ਗਏ ਯੂਨੀਪੋਲ ਅਤੇ ਸਾਈਟਾਂ ’ਤੇ ਹੀ ਪੋਸਟਰ ਜਾਂ ਬੈਨਰ ਲਗਾਏ ਜਾਣ।
ਉਨਾਂ ਸਖ਼ਤ ਸਬਦਾਂ ਵਿਚ ਕਿਹਾ ਕਿ ਅੱਜ ਤੋ ਬਾਅਦ ਜੋ ਵੀ ਰਾਜਨੀਤਿਕ ਪਾਰਟੀਆਂ, ਨੇਤਾ ਜਾਂ ਕੰਪਨੀਆਂ ਨਿਯਮਾਂ ਦੀ ਉਲੰਘਣਾ ਕਰਨਗੇ, ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾੇਗੀ।