ਗੁਰਦਾਸਪੁਰ, 5 ਦਿਸੰਬਰ (ਮੰਨਣ ਸੈਣੀ)। ਪੰਜਾਬ ਦੀ ਚੰਨੀ ਸਰਕਾਰ ਪੰਜਾਬ ਵਿੱਚ ਬਿਜਲੀ ਸੱਸਤੀ ਕਰਨ ਦੇ ਦਾਅਵੇ ਕਰ ਰਹੀ ਹੈ। ਜਦੋਂ ਕਿ ਲੋਕਾਂ ਨੂੰ ਬਿਜਲੀ ਸਪਲਾਈ ਹੀ ਨਹੀਂ ਮਿਲ ਰਹੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਰੱਖੇ।
ਬੱਬੇਹਾਲੀ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦੇ ਪੇਪਰ ਚਲ ਰਹੇ ਹਨ, ਜਦੋਂ ਕਿ ਦਿਨ ਅਤੇ ਰਾਤ ਦੇ ਸਮੇਂ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗ ਰਹੇ ਹਨ। ਜਿਸ ਕਰਕੇ ਬੱਚਿਆਂ ਨੂੰ ਪੜ੍ਹਾਈ ਕਰਨ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਬੰਬੀਆਂ ਦੀ ਬਿਜਲੀ ਸਪਲਾਈ ਤਿੰਨ ਤਿੰਨ ਦਿਨ ਬਾਦ ਦਿੱਤੀ ਜਾ ਰਹੀ ਹੈ। ਜਿਸਦੇ ਚਲਦੇ ਕਿਸਾਨ ਆਪਣੀਆਂ ਫ਼ਸਲਾਂ ਤੇ ਹਰੇ ਚਾਰੇ ਨੂੰ ਪਾਣੀ ਨਹੀਂ ਦੇ ਪਾ ਰਹੇ। ਹਰੇ ਚਾਰੇ ਨੂੰ ਸਮੇਂ ਤੇ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂ ਕਿ ਦੂਸਰੇ ਪਾਸੇ ਪੰਜਾਬ ਦੀ ਚੰਨੀ ਸਰਕਾਰ ਪੰਜਾਬ ਵਿਚ ਬਿਜਲੀ ਸਸਤੀ ਕਰਵਾਉਣ ਦਾ ਢੰਡੋਰਾ ਪਿੱਟ ਰਹੀ ਹੈ। ਬੱਬੇਹਾਲੀ ਨੇ ਕਿਹਾ ਕਿ ਜੇ ਲੋਕਾਂ ਨੂੰ ਬਿਜਲੀ ਸਪਲਾਈ ਹੀ ਨਹੀਂ ਮਿਲਦੀ ਤਾਂ ਬਿਜਲੀ ਸਸਤੀ ਹੋਣ ਦਾ ਕੀ ਫਾਇਦਾ ਹੈ। ਜਦੋਂ ਕਿ ਅਕਾਲੀ ਸਰਕਾਰ ਦੇ ਸਮੇਂ ਲੋਕਾਂ ਨੂੰ 24 ਘੰਟੇ ਬਿਨਾਂ ਰੁਕਾਵਟ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ।
ਬੱਬੇਹਾਲੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸ਼ੁਰੂ ਤੋਂ ਹੀ ਲੋਕਾਂ ਨੂੰ ਗੁੰਮਰਾਹ ਕਰਦੀ ਆਈ ਹੈ। ਪਰ ਹੁਣ ਲੋਕ ਕਾਂਗਰਸ ਦੇ ਝੂਠੇ ਵਾਅਦਿਆਂ ਵਿਚ ਆਉਣ ਵਾਲੇ ਨਹੀਂ ਹਨ। ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਲਈ ਉਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਹੁਣ ਆ ਗਿਆ ਹੈ। ਲੋਕ ਬੇਸਬਰੀ ਨਾਲ 2022 ਦੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਕਿ ਕਾਂਗਰਸ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਬਣਾਇਆ ਜਾ ਸਕੇ।