Close

Recent Posts

ਹੋਰ ਗੁਰਦਾਸਪੁਰ ਪੰਜਾਬ

ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਨੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਪ੍ਰਤੀ ਜਾਗਰੂਕ ਕਰਨ ਲਈ ਦਸ਼ਮੇਸ਼ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਸੈਮੀਨਾਰ ਲਗਾਇਆ

ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਨੇ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਪ੍ਰਤੀ ਜਾਗਰੂਕ ਕਰਨ ਲਈ ਦਸ਼ਮੇਸ਼ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਸੈਮੀਨਾਰ ਲਗਾਇਆ
  • PublishedDecember 4, 2021

ਪੰਜਾਬ ਦੇ ਅਮੀਰ ਵਿਰਸੇ ਤੇ ਇਤਿਹਾਸ ਬਾਰੇ ਵਿਚਾਰਾਂ ਸਾਝੀਆਂ ਕੀਤੀਆਂ

ਬਟਾਲਾ, 4 ਦਸੰਬਰ ( ਮੰਨਣ ਸੈਣੀ ) – ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਨ ਲਈ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ, ਬਟਾਲਾ ਵੱਲੋਂ ਉਪਰਾਲੇ ਲਗਾਤਾਰ ਜਾਰੀ ਹਨ। ਇਸੇ ਮਕਸਦ ਤਹਿਤ ਅੱਜ ਸੁਸਾਇਟੀ ਵੱਲੋਂ ਦਸਮੇਸ਼ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਵਿੱਚ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ, ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ, ਤਰਸੇਮ ਸਿੰਘ ਤਰਾਨਾ, ਪ੍ਰੋ. ਜਸਬੀਰ ਸਿੰਘ, ਪ੍ਰੋ. ਗੁਰਮੀਤ ਸਿੰਘ, ਵੈਬੀਜੋਤ ਸਿੰਘ ਕਾਹਲੋਂ, ਸ਼ੇਰ-ਏ-ਪੰਜਾਬ ਸਿੰਘ ਕਾਹਲੋਂ, ਅਨੁਰਾਗ ਮਹਿਤਾ, ਮਾਸਟਰ ਰਣਜੀਤ ਸਿੰਘ ਛੀਨਾ ਸ਼ਾਮਲ ਹੋਏ ਜਦਕਿ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੰਤੋਖ ਸਿੰਘ ਪੰਨੂੰ, ਪ੍ਰਿੰਸੀਪਲ ਪਰਜੀਤ ਕੌਰ ਪੰਨੂੰ, ਰਵਨੀਤ ਸਿੰਘ, ਰਜਨੀ ਸ਼ਰਮਾ, ਹਰੰਦਰ ਕੌਰ, ਸੁਨੀਤਾ, ਕਿਸਾਨ ਆਗੂ ਗੁਰਨਾਮ ਸਿੰਘ ਸਤਕੋਹਾ, ਮਨਦੀਪ ਸਿੰਘ ਸਰਪੰਚ ਨੌਸ਼ਹਿਰਾ ਮੱਝਾ ਸਿੰਘ, ਕੰਵਲ ਨਰੈਣ ਸਿੰਘ ਰੰਧਾਵਾ, ਰਵੀ ਭਗਤ ਬਿਧੀਪੁਰ, ਜਗਰੂਪ ਸਿੰਘ ਕਲੇਰ, ਲਖਵਿੰਦਰ ਬਾਊ ਅਠਵਾਲ ਅਤੇ ਵੱਡੀ ਗਿਣਤੀ ਵਿੱਚ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।  

ਸੈਮੀਨਾਰ ਦੌਰਾਨ ਆਪਣੇ ਇਲਾਕੇ ਦੇ ਇਤਿਹਾਸ ਬਾਬਤ ਬੋਲਦਿਆਂ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਬਾਰੀ ਦੁਆਬ ਦਾ ਖਿੱਤਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੱਲ ਬਟਾਲਾ ਸ਼ਹਿਰ ਅਤੇ ਇਸਦੇ ਇਲਾਕੇ ਦੀ ਕੀਤੀ ਜਾਵੇ ਤਾਂ ਇਹ ਧਰਤੀ ਗੁਰੂਆਂ, ਭਗਤਾਂ, ਫਕੀਰਾਂ ਅਤੇ ਯੋਧਿਆਂ ਦੀ ਧਰਤੀ ਹੈ ਅਤੇ ਇਹ ਇਲਾਕਾ ਬਹੁਤ ਵੱਡੀਆਂ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਾਮੱਤੇ ਵਿਰਸੇ ਅਤੇ ਇਤਿਹਾਸ ਨਾਲ ਜੁੜਨ ਦੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਵਿਰਸੇ ਨੂੰ ਜਾਣ ਕੇ ਮਾਣ ਕਰ ਸਕਣ। ਉਨ੍ਹਾਂ ਕਿਹਾ ਕਿ ਜਿਥੇ ਇਤਿਹਾਸ ਤੋਂ ਵਾਕਫ ਹੋਣਾ ਜਰੂਰੀ ਹੈ ਓਥੇ ਇਤਿਹਾਸਕ ਸਥਾਨਾਂ ਦੀ ਸਾਂਭ-ਸੰਭਾਲ ਵੀ ਓਨੀ ਹੀ ਜਰੂਰੀ ਹੈ।

ਇਸ ਮੌਕੇ ਪ੍ਰੋ. ਗੁਰਮੀਤ ਸਿੰਘ ਨੇ ਕਿਹਾ ਕਿ ਇਤਿਹਾਸ ਤੋਂ ਸਬਕ ਅਤੇ ਪ੍ਰੇਰਨਾ ਲੈ ਕੇ ਅਸੀਂ ਆਪਣਾ ਵਰਤਮਾਨ ਅਤੇ ਭਵਿੱਖ ਬੇਹਤਰ ਬਣਾ ਸਕਦੇ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਵਿਚ ਇਤਿਹਾਸ ਪੜ੍ਹਨ ਅਤੇ ਖੋਜਣ ਦੀ ਰੁਚੀ ਪੈਦਾ ਕਰਨ। ਸ਼ੇਰ-ਏ-ਪੰਜਾਬ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਸ਼ਹਾਦਤਾਂ ਤੇ ਕੁਰਬਾਨੀਆਂ ਦਾ ਇਤਹਾਸ ਹੈ ਅਤੇ ਸਾਨੂੰ ਆਪਣੇ ਸੁਨਿਹਰੀ ਵਿਰਸੇ ’ਤੇ ਮਾਣ ਕਰਨਾ ਚਾਹੀਦਾ ਹੈ। ਪ੍ਰੋ ਜਸਬੀਰ ਸਿੰਘ ਨੇ ਕਿਹਾ ਕਿ ਸਕੂਲੀ ਸਿਲੇਬਸ ਦੇ ਨਾਲ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਵੀ ਜਾਨਣਾ ਬੇਹੱਦ ਜਰੂਰੀ ਹੈ। ਵੈਬੀਜੋਤ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ ਅਤੇ ਸਾਨੂੰ ਆਪਣੀਆਂ ਅਮੀਰ ਕਦਰਾਂ-ਕੀਮਤਾਂ ਤੋਂ ਕਦੀ ਪਿੱਛੇ ਨਹੀਂ ਹਟਣਾ ਚਾਹੀਦਾ।

ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੰਤੋਖ ਸਿੰਘ ਪੰਨੂੰ ਨੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸਾਰਥਿਕ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਨ ਵਿੱਚ ਜਰੂਰ ਸਫਲ ਹੋਣਗੇ। ਸ. ਪੰਨੂੰ ਨੇ  ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਅਜਿਹਾ ਗਿਆਨ ਵੀ ਦਿੱਤਾ ਜਾਵੇ ਜੋ ਉਨ੍ਹਾਂ ਦੀ ਸਖਸ਼ੀਅਤ ਦੇ ਸਰਬਪੱਖੀ ਵਿਕਾਸ ਵਿੱਚ ਸਹਾਈ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਸੈਮੀਨਾਰ ਵਿਚ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਅਤੇ ਵਿਦਿਆਰਥੀਆਂ ਨੇ ਜਰੂਰ ਇਸਤੋਂ ਗਿਆਨ ਹਾਸਲ ਕੀਤਾ ਹੋਵੇਗਾ। ਸੈਮੀਨਾਰ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਸਿੰਘ ਤਰਾਨਾ ਨੇ ਬਾਖੂਬੀ ਨਿਭਾਈ। ਸੈਮੀਨਾਰ ਦੇ ਅਖੀਰ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ, ਬਟਾਲਾ ਦੇ ਮੈਂਬਰਾਂ ਨੂੰ ਸਿਰਪਾਓ ਦੀ ਬਖਸ਼ਿਸ਼ ਨਾਲ ਸਨਮਾਨਤ ਕੀਤਾ ਗਿਆ।

Written By
The Punjab Wire