ਗੁਰਦਾਸਪੁਰ, 2 ਦਿਸੰਬਰ (ਮੰਨਣ ਸੈਣੀ)। ਦਿੱਲੀ ਦੇ CM ਅਰਵਿੰਦ ਕੇਜਰੀਵਾਲ ਦੇ ਕਾਫਲੇ ‘ਚ ਅੱਗੇ ਤੋਂ ਲੋਕਾਂ ਨੂੰ ਹਟਾਉਣ ਲਈ ਗੱਡੀਆਂ ਦੇ ਚਲਾਏ ਹੂਟਰਾਂ ਤੋਂ ਘਬਰਾ ਕੇ ਇਕ ਆਟੋ ਚਾਲਕ ਦਾ ਹੱਥ ਸਟੇਅਰਿੰਗ ਤੋਂ ਫਿਸਲ ਗਿਆ ਅਤੇ ਆਟੋ ਪਲਟ ਗਿਆ। ਹਾਦਸੇ ‘ਚ ਆਟੋ ‘ਚ ਸਵਾਰ ਤਿੰਨ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਕੇਜਰੀਵਾਲ ਨੇ ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਆਪਣੇ ਵਾਹਨਾਂ ਦੇ ਕਾਫਲੇ ਨੂੰ ਰੋਕਿਆ ਅਤੇ ਆਪਣੇ ਕਾਫਲੇ ‘ਚ ਸ਼ਾਮਲ ਵਾਹਨ ਰਾਹੀਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਇਹ ਘਟਨਾ ਦੋਪਹਿਰ 12 ਵਜੇ ਦੇ ਕਰੀਬ ਧਾਰੀਵਾਲ ਰਾਣੀਆ ਬਾਈਪਾਸ ‘ਤੇ ਵਾਪਰੀ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਪਠਾਨਕੋਟ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਦਿੱਲੀ ਤੋਂ ਆ ਰਹੇ ਸਨ।
ਜਾਣਕਾਰੀ ਦਿੰਦਿਆਂ ਜ਼ਖਮੀ ਹਾਲਤ ‘ਚ ਮਸੀਹ ਵਾਸੀ ਰਾਣੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਆਟੋ ‘ਤੇ ਟੈਂਟ ਆਦਿ ਦਾ ਸਾਮਾਨ ਲੱਦ ਕੇ ਭਤੀਜੇ ਜਤਿਨ ਅਤੇ ਫਿਲਿਪ ਸਮੇਤ ਬਾਈਪਾਸ ‘ਤੇ ਚੜ੍ਹੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਗੱਡੀਆਂ ਦਾ ਕਾਫਲਾ ਪਿੱਛੇ ਤੋਂ ਆ ਗਿਆ। ਅੱਗੇ ਤੋਂ ਲੋਕਾਂ ਨੂੰ ਹਟਾਉਣ ਲਈ ਲਗਾਤਾਰ ਹੂਟਰ ਵਜਾਏ ਗਏ। ਜਿਸ ਕਾਰਨ ਹੂਟਰ ਦੀ ਆਵਾਜ਼ ਸੁਣ ਕੇ ਉਹ ਤੁਰੰਤ ਘਬਰਾ ਗਿਆ ਅਤੇ ਆਟੋ ਦਾ ਸਟੇਅਰਿੰਗ ਉਸ ਦੇ ਹੱਥੋਂ ਛੁੱਟ ਗਿਆ। ਜਿਸ ਕਾਰਨ ਆਟੋ ਪਲਟ ਗਿਆ। ਇਸ ਹਾਦਸੇ ਵਿੱਚ ਤਿੰਨੋਂ ਜਣੇ ਜ਼ਖ਼ਮੀ ਹੋ ਗਏ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਾਰ ਤੋਂ ਹੇਠਾਂ ਉਤਰ ਕੇ ਉਸ ਦਾ ਹਾਲ ਚਾਲ ਪੁੱਛਿਆ ਅਤੇ ਆਪਣੀ ਸਕੂਐਡ ਕਾਰ ਰਾਹੀਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ। ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਦੁਪਹਿਰ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ।