ਅਧਿਕਾਰੀਆਂ ਨੂੰ ਦਿੱਤੇ ਸੰਵੇਦਨਸ਼ੀਲ ਥਾਵਾਂ ’ਤੇ ਕਿਸੇ ਵੀ ਅੱਤਵਾਦੀ ਗਤੀਵਿਧੀ ਨੂੰ ਰੋਕਣ ਲਈ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼
ਗੁਰਦਾਸਪੁਰ, 25 ਨਵੰਬਰ (ਮੰਨਣ ਸੈਣੀ)। ਪੁਲਿਸ ਜ਼ਿਲਾ ਗੁਰਦਾਸਪੁਰ ਵਿੱਚ ਨਾਈਟ ਡੌਮੀਨੇਸ਼ਨ ਅਪ੍ਰੇਸ਼ਨ ਦੇ ਤਹਿਤ ਲਗਾਏ ਗਏ ਨਾਕੇਆਂ ਦੀ ਜਾਂਚ ਖੁੱਦ ਗੁਰਦਾਸਪੁਰ ਦੇ ਐਸਐਸਪੀ ਡਾ ਨਾਨਕ ਸਿੰਘ ਕਰ ਰਹੇ ਹਨ। ਉਹਨਾਂ ਵੱਲੋ ਸਿਵਲ ਡ੍ਰੈਸ ਵਿੱਚ ਆਪਣੀ ਨੀਜੀ ਕਾਰ ਤੇ ਜਾ ਕੇ ਵੀ ਨਜਰ ਰੱਖੀ ਜਾ ਰਹੀ ਹੈ ਕਿ ਪੁਲਿਸ ਕਰਮਚਾਰੀ ਆਪਣੀ ਡਉਟੀ ਠੀਕ ਤਰਾਂ ਨਿਭਾ ਰਹੇ ਹਨ ਯਾ ਨਹੀਂ। ਉਹਨਾਂ ਵੱਲੋ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਥਾਵਾਂ ’ਤੇ ਕਿਸੇ ਵੀ ਅੱਤਵਾਦੀ ਗਤੀਵਿਧੀ ਨੂੰ ਰੋਕਣ ਲਈ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਹਨਾਂ ਕੋਲ ਗ੍ਰਹਿ ਵਿਭਾਗ ਵੀ ਹੈ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਗੁਰਦਾਸਪੁਰ ਵਿੱਚ ਰਾਤ ਦੀ ਗਸ਼ਤ ਤੇਜ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉੱਪ ਮੁੱਖ ਮੰਤਰੀ ਰੰਧਾਵਾ ਨੇ ਮੰਗਲਵਾਰ ਨੂੰ ਅੰਮਿ੍ਰਤਸਰ ‘ਚ ਕ੍ਰਾਈਮ ਰਿਵੀਊ (ਅਪਰਾਧ ਸਮੀਖਿਆ) ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪੁਲਸ ਫੋਰਸ ਨੂੰ ਸੂਬੇ ਭਰ ‘ਚ ਰਾਤ ਦੀ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਉਪ ਮੁੱਖ ਮੰਤਰੀ ਨੇ ਰਾਤ ਦੀ ਗਸ਼ਤ ਲਈ ਤਾਇਨਾਤ ਗਜ਼ਟਿਡ ਅਫ਼ਸਰਾਂ ਨੂੰ ਖੁਦ ਅਚਨਚੇਤ ਕਾਲ ਕਰਕੇ ਇਹ ਯਕੀਨੀ ਬਣਾਇਆ ਕਿ ਉਹ ਆਪਣੇ ਕੰਮ ‘ਤੇ ਮੌਜੂਦ ਹਨ ਜਾਂ ਨਹੀਂ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਪੰਜਾਬ ਵਿੱਚ ਹੋਰ ਹਥਿਆਰਾਂ ਦੇ ਨਾਲ-ਨਾਲ ਹੈਂਡ ਗ੍ਰਨੇਡਾਂ ਅਤੇ ਟਿਫਿਨ ਬੰਬਾਂ ਦੀ ਵੱਡੀ ਆਮਦ ਹੋ ਰਹੀ ਹੈ।
ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ, ਪਠਾਨਕੋਟ ਦੇ ਛਾਉਣੀ ਖੇਤਰ ਵਿੱਚ ਦੋ ਬੰਬ ਧਮਾਕੇ ਹੋਣ ਤੋਂ ਬਾਅਦ ਵੈਸੇ ਵੀ ਪੁਲਿਸ ਵੱਲੋਂ ਗਸ਼੍ਤ ਵਧਾ ਦਿੱਤੀ ਗਈ ਸੀ। ਜਿਸਦੇ ਤਹਿਤ ਪੁਲਿਸ ਨੂੰ ਪਿਛਲੇ ਦਿਨੀਂ ਦੋ ਦੋਸ਼ਿਆ ਕੋਲੋ ਹਥਿਆਰਾਂ ਦੀ ਬਰਮਦਗੀ ਵੀ ਹੋਈ।
ਨਾਨਕ ਸਿੰਘ ਨੇ ਦੱਸਿਆ ਉਕਤ ਟੀਮਾ ਰੁਟੀਨ ਨਾਕਿਆਂ ਜਾਂ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ, ਤਾਇਨਾਤ ਕੀਤੇ ਗਏ ਅਫ਼ਸਰਾਂ ਨੂੰ ਸੰਵੇਦਨਸ਼ੀਲ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਆਰਐਸਐਸ ਸ਼ਾਖਾਵਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ‘ਤੇ ਵੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰਾਂ ਪੁਲਿਸ ਕਰਮਚਾਰਿਆ ਨੂੰ ਡਰੋਨਾਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।