ਸਰਹੱਦੀ ਖੇਤਰ ਦੀ ਸੁਰੱਖਿਆ ਲਈ ਹੋਰ ਪੁਲਿਸ ਤਾਇਨਾਤ ਕੀਤੀ ਜਾਵੇਗੀ
ਆਬਕਾਰੀ ਵਿਭਾਗ ਦੇ ਮੁਲਾਜ਼ਮ ਜਾਂ ਠੇਕੇਦਾਰਾਂ ਦੇ ਕਰਿੰਦੇ ਪੁਲਿਸ ਦੀ ਹਾਜ਼ਰੀ ਤੋਂ ਬਿਨਾਂ ਛਾਪੇ ਨਹੀਂ ਮਾਰਨਗੇ
ਅੰਮ੍ਰਿਤਸਰ 23 ਨਵੰਬਰ । ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਦੀ ਸੁਰੱਖਿਆ ਲਈ ਪੁਲਿਸ ਅਧਿਕਾਰੀਆਂ ਨਾਲ ਉਚ ਪੱਧਰੀ ਮੀਟਿੰਗ ਕਰਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਜਿੰਨਾ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ, ਨੇ ਇਸ ਖੇਤਰ ਵਿਚ ਪੁਲਿਸ ਨਾਕੇ ਤੇ ਗਸ਼ਤ ਤੇਜ਼ ਕਰਨ ਲਈ ਹੋਰ ਪੁਲਿਸ ਫੋਰਸ ਤਾਇਨਾਤ ਕਰਨ ਦੀ ਹਦਾਇਤ ਕੀਤੀ ਹੈ। ਉਨਾਂ ਕਿਹਾ ਕਿ ਜਿਸ ਤਰਾਂ ਪੈਰਾ ਮਿਲਟਰੀ ਫੋਰਸਾਂ ਵੱਲੋਂ ਸਰਹੱਦ ਉਤੇ ਸੈਕੰਡ ਲਾਇਨ ਆਫ ਡਿਫੈਂਸ ਕਾਇਮ ਕੀਤੀ ਗਈ ਹੈ, ਉਸ ਅਧਾਰ ਉਤੇ ਇਕ ਰੱਖਿਆ ਪੰਕਤੀ ਪੰਜਾਬ ਪੁਲਿਸ ਬਣਾਵੇ। ਉਨਾਂ ਇਸ ਲਈ ਪੁਲਿਸ ਨੂੰ ਹਰ ਤਰਾਂ ਦੀ ਸਾਜ਼ੋ-ਸਮਾਨ ਦੇਣ ਦਾ ਭਰੋਸਾ ਦਿੰਦੇ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦੀ ਬਿਹਤਰ ਪੁਲਿਸ ਹੈ ਅਤੇ ਮੈਨੂੰ ਆਪਣੀ ਪੁਲਿਸ ਉਤੇ ਪੂਰਾ ਭਰੋਸਾ ਹੈ। ਉਨਾਂ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਦੀ ਪੁਸ਼ਤ ਪਿਨਾਹ ਲਈ ਤੁਹਾਡੇ ਉਤੇ ਕੋਈ ਰਾਜਸੀ ਦਬਾਅ ਨਹੀਂ ਹੈ ਅਤੇ ਤੁਸੀਂ ਆਪਣੇ ਕਾਨੂੰਨ ਅਨੁਸਾਰ ਰਾਜ ਦੀ ਸੁਰੱਖਿਆ ਲਈ ਕੰਮ ਕਰੋ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਾਈ ਗਈ ਰਣਨੀਤੀ ਅਨੁਸਾਰ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਥਾਣਾ ਮੁੱਖੀ ਤੱਕ ਆਪਣੇ-ਆਪਣੇ ਅਧਿਕਾਰਤ ਇਲਾਕੇ ਵਿਚ ਰਹਿਣਗੇ ਅਤੇ ਜੋ ਵੀ ਅਧਿਕਾਰੀ ਆਪਣੇ ਖੇਤਰ ਤੋਂ ਬਾਹਰ ਜਾਂ ਗੈਰ ਹਾਜ਼ਰ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਲਈ ਅਧਿਕਾਰੀਆਂ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜੋ ਕਿ ਫੀਲਡ ਵਿਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਚਨਚੇਤ ਜਾਂਚ ਯਕੀਨੀ ਬਨਾਉਣਗੀਆਂ।
ਸ. ਰੰਧਾਵਾ ਨੇ ਦੱਸਿਆ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ ਅਤੇ ਇਸ ਲਈ ਕੰਮ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ, ਤਾਂ ਜੋ ਅਪਰਾਧੀ ਪੁਲਿਸ ਦੀ ਨਜ਼ਰ ਤੋਂ ਬਚ ਨਾ ਸਕਣ। ਉਨਾਂ ਦੱਸਿਆ ਕਿ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ 75 ਕਰੋੜ ਰੁਪਏ ਇਸ ਕੰਮ ਲਈ ਜਾਰੀ ਕਰ ਦਿੱਤੇ ਗਏ ਹਨ।
ਉਨਾਂ ਸਪੱਸ਼ਟ ਕੀਤਾ ਕਿ ਜਿਲ੍ਹਾ ਪੁਲਿਸ ਮੁਖੀ ਕਿਸੇ ਵੀ ਲੋੜਵੰਦ ਨੂੰ ਅੰਗ ਰੱਖਿਅਕ ਨਹੀਂ ਦੇਣਗੇ ਅਤੇ ਇਸ ਲਈ ਮੁੱਖ ਦਫਤਰ ਵੱਲੋਂ ਸਾਰੀ ਰਿਪੋਰਟ ਲੈ ਕੇ ਹੀ ਕਾਰਵਾਈ ਕੀਤੀ ਜਾਵੇਗੀ। ਸ. ਰੰਧਾਵਾ ਨੇ ਦੱਸਿਆ ਕਿ ਸਕਿਉਰਟੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੱਖਰਾ ਕੇਡਰ ਬਨਾਉਣ ਦਾ ਵਿਚਾਰ ਵੀ ਕੀਤਾ ਗਿਆ ਹੈ, ਜੋ ਕਿ ਸਾਰੇ ਰਾਜ ਦੀਆਂ ਲੋੜਾਂ ਦੀ ਪੂਰਤੀ ਕਰੇਗਾ।
ਨਸ਼ਿਆਂ ਦੇ ਖਾਤਮੇ ਲਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸ. ਰੰਧਾਵਾ ਨੇ ਮੈਡੀਕਲ ਸਟੋਰਾਂ ਵਿਚ ਵਿਕਦੇ ਨਸ਼ੇ ਨੂੰ ਸਖਤੀ ਨਾਲ ਰੋਕਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨਾਂ ਆਬਕਾਰੀ ਵਿਭਾਗ ਤੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨਾਜਾਇਜ਼ ਸ਼ਰਾਬ ਦੀ ਆੜ ਵਿਚ ਮਾਰੇ ਜਾਂਦੇ ਛਾਪਿਆਂ ਦਾ ਗੰਭੀਰ ਨੋਟਿਸ ਲੈਂਦੇ ਕਿਹਾ ਕਿ ਕੋਈ ਵੀ ਅਜਿਹਾ ਛਾਪਾ ਸਥਾਨਕ ਪੁਲਿਸ ਦੀ ਗੈਰ ਹਾਜ਼ਰੀ ਵਿਚ ਨਹੀਂ ਮਾਰਿਆ ਜਾਵੇਗਾ। ਉਨਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਗੈਰ ਕਾਨੂੰਨੀ ਛਾਪੇ ਮਾਰਨ ਵਾਲਿਆਂ ਖਿਲਾਫ ਵੀ ਪੁਲਿਸ ਕੇਸ ਦਰਜ ਕੀਤੇ ਜਾਣ। ਇਸ ਮੌਕੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪਿ੍ਰੰਸੀਪਲ ਸਕੱਤਰ ਸ੍ਰੀ ਵਰੁਣ ਰੂਜ਼ਮ, ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸਹੋਤਾ, ਏ ਡੀ ਜੀ ਪੀ ਸ੍ਰੀ ਏ. ਐਸ ਰਾਏ, ਸ੍ਰੀ ਆਰ. ਐਨ ਢੋਕੇ, ਆਈ ਜੀ ਬਾਰਡਰ ਰੇਂਜ ਸ੍ਰੀ ਮੁਨੀਸ਼ ਚਾਵਲਾ, ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਰ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਤੋਂ ਇਲਾਵਾ ਬਾਰਡਰ ਰੇਂਜ ਤੇ ਜਲੰਧਰ ਰੇਂਜ ਵਿਚ ਪੈਂਦੇ ਸਾਰੇ ਜਿਲਿ੍ਹਆਂ ਦੇ ਪੁਲਿਸ ਮੁਖੀ ਵੀ ਹਾਜ਼ਰ ਸਨ।