ਪੀ.ਡਬਲਿਊ.ਡੀ. ਮੰਤਰੀ ਵਿਜੇ ਇੰਦਰ ਸਿੰਗਲਾ ਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਨੇ ਸੜਕ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਲਿਆ
ਬਟਾਲਾ, 16 ਨਵਬਰ ( ਮੰਨਣ ਸੈਣੀ ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਬਾਜਵਾ ਨੂੰ ਭਰੋਸਾ ਦਿੱਤਾ ਹੈ ਕਿ ਫ਼ਤਹਿਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਵਾਇਆ ਸੋਹੀਆਂ ਸੜਕ ਨੂੰ ਜੋ ਚਾਰ ਮਰਗੀ ਕਰਨ ਦਾ ਪ੍ਰੋਜੈਕਟ ਕਰਨ ਦਾ ਕੰਮ ਚੱਲ ਰਿਹਾ ਹੈ ਉਸ ਨੂੰ ਵਿਭਾਗ ਵੱਲੋਂ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਸਿੰਗਲਾ ਬੀਤੇ ਕੱਲ੍ਹ ਫ਼ਤਹਿਗੜ੍ਹ ਚੂੜੀਆਂ ਵਿਖੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਸੜਕ ਦੇ ਚੱਲ ਰਹੇ ਪ੍ਰੋਜੈਕਟ ਦਾ ਨਿਰੀਖਣ ਕਰਨ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸੜਕ ਉੱਪਰ ਕਰੀਬ 28 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਫ਼ਤਹਿਗੜ੍ਹ ਚੂੜੀਆਂ ਤੋਂ ਵਾਇਆ ਸੋਹੀਆਂ ਹੁੰਦੀ ਹੋਈ ਅੰਮ੍ਰਿਤਸਰ ਤੱਕ ਬਣਨ ਵਾਲੀ ਇਹ ਚਾਰ ਮਾਰਗੀ ਸੜਕ ਜਦੋਂ ਮੁਕੰਮਲ ਹੋ ਜਾਵੇਗੀ ਤਾਂ ਇਸ ਦਾ ਫ਼ਤਹਿਗੜ੍ਹ ਚੂੜੀਆਂ ਦੇ ਨਾਲ ਇਲਾਕੇ ਭਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਉੱਪਰ ਪੰਜਾਬ ਸਰਕਾਰ ਵੱਲੋਂ 28 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚਾਰ ਮਾਰਗੀ ਸੜਕ ਅੱਗੇ ਫ਼ਤਹਿਗੜ੍ਹ ਚੂੜੀਆਂ ਨੂੰ ਡੇਰਾ ਬਾਬਾ ਨਾਨਕ ਨਾਲ ਵੀ ਜੋੜੇਗੀ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਚੂੜੀਆਂ ਦੇ ਵਸਨੀਕਾਂ ਦੀ ਇਹ ਚਿਰਾਂ ਤੋਂ ਮੰਗ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ। ਸ. ਬਾਜਵਾ ਨੇ ਕਿਹਾ ਕਿ ਸੜਕ ਦੇ ਨਿਰਮਾਣ ਵਿੱਚ ਤੇਜੀ ਲਿਆਂਦੀ ਗਈ ਹੈ ਅਤੇ ਜਲਦ ਹੀ ਇਸਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ।
ਇਸ ਮੌਕੇ ਭੁਪਿੰਦਰ ਸਿੰਘ ਤੁੱਲੀ ਚੀਫ ਇੰਜੀਨੀਅਰ, ਅਰੁਣ ਕੁਮਾਰ ਚੀਫ ਇੰਜੀਨੀਅਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।