ਗੁਰਦਾਸਪੁਰ, 13 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਦੇ ਸਮੂਹ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਵੱਲੋ ਪੰਜਾਬ ਦੇ ਸਮੂਹ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੀ ਮੈਨੇਜਮੈਂਟ ਸਿਸਟਮ ਅਤੇ ਸਿੱਖਿਆ ਬਚਾਓ ਵਲੋਂ ਰੈਲੀ ਦਾ ਆਗਾਜ ਕੀਤਾ ਗਿਆ। ਇਸ ਦੌਰਾਨ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਗੁਰਦਾਸਪੁਰ ਪਠਾਨਕੋਟ ਮੁੱਖ ਮਾਰਗ ’ਤੇ ਬੱਸਾਂ ਖੜ੍ਹੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਰੈਲੀ ਦੌਰਾਨ ਵਿੱਦਿਅਕ ਅਦਾਰਿਆਂ ਦੀਆਂ ਬੱਸਾਂ ਨੂੰ ਰਾਜ ਮਾਰਗ ‘ਤੇ ਸ਼ਾਂਤਮਈ ਢੰਗ ਨਾਲ ਖੜ੍ਹੀਆਂ ਕਰਕੇ ਰੋਸ ਪ੍ਰਗਟ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਵਿਦਿਅਕ ਅਦਾਰਿਆਂ ਵਿੱਚ ਕਰੀਬ ਛੇ ਲੱਖ ਮੁਲਾਜ਼ਮ ਅਤੇ ਵਿਦਿਆਰਥੀ ਹਨ,। ਇਨ੍ਹਾਂ ਨਿੱਜੀ ਵਿੱਦਿਅਕ ਅਦਾਰਿਆਂ ਨੇ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਰ ਪੰਜਾਬ ਸਰਕਾਰ ਤਰਫੋਂ ਇਸ ਯੋਗਦਾਨ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਅਦਾਰਿਆਂ ‘ਤੇ ਕਈ ਤਰ੍ਹਾਂ ਦੇ ਟੈਕਸ ਲਗਾਏ ਜਾ ਰਹੇ ਹਨ। ਇਨ੍ਹਾਂ ਟੈਕਸਾਂ ਵਿੱਚ ਬੱਸ ਟੈਕਸ, ਪ੍ਰਾਈਵੇਟ ਟੈਕਸ, ਬਿਜਲੀ ਦੇ ਬਿੱਲਾਂ ਸਮੇਤ ਕਈ ਟੈਕਸ ਸ਼ਾਮਲ ਹਨ। ਰੈਲੀ ਦਾ ਮੁੱਖ ਮੰਤਵ ਸਰਕਾਰ ਅਤੇ ਲੋਕਾਂ ਨੂੰ ਵਿਦਿਅਕ ਸੰਸਥਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਸਿੱਖਿਆ ਨੂੰ ਟੈਕਸ ਮੁਕਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਯੂਕੇ ਰਾਸਾ, ਰਾਸਾ ਪੰਜਾਬ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਕਮਲ ਬਖਸ਼ੀ, ਹੀਰਾਮਣੀ ਅਗਰਵਾਲ, ਰਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਸਕੂਲ ਪ੍ਰਬੰਧਕ ਹਾਜ਼ਰ ਸਨ।