ਲੋਕ ਮਸਲਿਆਂ ਨੂੰ ਹੱਲ ਕਰਨ ਦਾ ਸਬੱਬ ਬਣ ਰਹੀ ਹੈ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਆਨ-ਲਾਈਨ ਪਬਲਿਕ ਮੀਟਿੰਗ
ਗੁਰਦਾਸਪੁਰ 6 ਨਵੰਬਰ ( ਮੰਨਣ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵੱਲੋਂ ਹਰ ਹਫ਼ਤੇ ਦੋ ਦਿਨ ਜ਼ਿਲ੍ਹਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਕੀਤੀ ਜਾਂਦੀ ਆਨ-ਲਾਈਨ ਮੀਟਿੰਗ ਲੋਕ ਮਸਲਿਆਂ ਨੂੰ ਹੱਲ ਕਰਨ ਦਾ ਸਬੱਬ ਬਣ ਰਹੀ ਹੈ । ਉਥੇ ਹੀ ਭ੍ਰਸ਼ਟਾਚਾਰ ਅਤੇ ਰਿਸ਼ਵਤਖੋਰੀ ਦੀ ਮਿਲਦਿਆਂ ਸ਼ਿਕਾਇਤਾਂ ਤੇ ਡੀਸੀ ਵੱਲੋ ਸਖਤ ਨੌਟਿਸ ਲਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਅੱਜ ਦੁਪਹਿਰ 12 ਵਜੇ ਵੈਬੇਕਸ ਐਪ ਰਾਹੀਂ ਆਨ-ਲਾਈਨ ਮੀਟਿੰਗ ਕਰਕੇ ਜ਼ਿਲ੍ਹਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਅੱਜ ਦੀ ਮੀਟਿੰਗ ਦੌਰਾਨ ਪਿੰਡ ਛੌਡ ਦੇ ਵਸਨੀਕ ਪ੍ਰਭਜੋਤ ਸਿੰਘ ਨੇ ਆਪਣੇ ਆਮਦਨ ਸਟਰੀਫਿਕੇਟ ਬਣਾਉਣ ਲਈ ਪਟਵਾਰੀ ਅਤੇ ਵਸੀਕਾ ਨਵੀਸ ਵੱਲੋਂ ਪੈਸੇ ਦੀ ਮੰਗ ਸਬੰਧੀ ਸ਼ਿਕਾਇਤ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀ। ਡਿਪਟੀ ਕਮਿਸ਼ਨਰ ਨੇ ਇਸ ਸ਼ਿਕਾਇਤ ’ਤੇ ਫੌਰੀ ਕਾਰਵਾਈ ਕਰਦਿਆਂ ਸਹਾਇਕ ਕਮਿਸ਼ਨ (ਸ਼ਿਕਾਇਤਾਂ) ਗੁਰਦਾਸਪੁਰ ਨੂੰ ਇਸਦੀ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ।ਇਸਦੇ ਨਾਲ ਹੀ ਉਨ੍ਹਾਂ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਨੂੰ ਵੀ ਮਾਮਲੇ ਦੀ ਜਾਂਚ ਕਰਕੇ ਵਸੀਕਾ ਨਵੀਸ ਦਾ ਲਾਇਸੈਂਸ ਸੋਮਵਾਰ ਤੱਕ ਸਸਪੈਂਡ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਆਨ-ਲਾਈਨ ਮੀਟਿੰਗ ਦੌਰਾਨ ਫਤਹਿਗੜ੍ਹ ਚੂੜੀਆਂ ਦੇ ਵਸਨੀਕ ਰਮੇਸ਼ ਸੋਨੀ ਨੇ ਟਰੈਫਿਕ ਸਮੱਸਿਆ ਵੱਲ ਧਿਆਨ ਦਿਵਾਇਆ। ਨਰਿੰਦਰ ਸਿੰਘ ਬਰਨਾਲ ਨੇ ਉਮਰਪੁਰਾ-ਭੜੋਲੇ ਸ਼ਾਹ ਰੋਡ ਵਿਚਕਾਰੋਂ ਰੁੱਖ ਤੇ ਬਿਜਲੀ ਦਾ ਖੰਭਾ ਹਟਾਉਣ ਦੀ ਮੰਗ ਕੀਤੀ। ਪਿੰਡ ਲੌਂਗੋਵਾਲ ਦੇ ਸੂਬੇਦਾਰ ਬਲਕਾਰ ਸਿੰਘ ਨੇ ਆਪਣੇ ਪਿੰਡ ਲਈ ਮਾਲ ਮਹਿਕਮੇ ਦੇ ਗਰਦੌਰ ਦੀ ਤਾਇਨਾਤੀ ਮੰਗੀ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਕਾਰ ਚੰਦ ਅਵਾਂਖਾ ਨੇ ਸੜਕ ਕਿਨਾਰੇ ਬੂਟੀ ਸਾਫ਼ ਕਰਕੇ ਰੁੱਖ ਲਗਾਉਣ ਦੀ ਮੰਗ ਕੀਤੀ। ਕਮਲ ਕੁਮਾਰ ਬਟਾਲਾ ਨੇ ਪਾਰਕਾਂ ਵਿੱਚ ਓਪਨ ਜਿੰਮ ਲਗਾਉਣ ਅਤੇ ਸ਼ਹਿਰ ਵਿੱਚੋਂ ਕੂੜੇ ਦੇ ਢੇਰ ਚੁੱਕਣ ਦੀ ਮੰਗ ਕੀਤੀ। ਇਸੇ ਤਰਾਂ ਹੋਰ ਵੀ ਜ਼ਿਲ੍ਹਾ ਵਾਸੀਆਂ ਨੇ ਆਪਣੇ ਇਲਾਕੇ ਨਾਲ ਸਬੰਧਤ ਮੁਸ਼ਕਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਹਮੇਸ਼ਾਂ ਯਤਨ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਮੰਗਲਵਾਰ ਨੂੰ ਸ਼ਾਮ 4 ਤੋਂ 5 ਵਜੇ ਤੱਕ ਅਤੇ ਸ਼ਨੀਵਾਰ ਦੁਪਹਿਰ 12 ਤੋਂ 1 ਵਜੇ ਤੱਕ ਵੈਬੇਕਸ ਮੀਟਿੰਗ ਰਾਹੀਂ ਆਨ-ਲਾਈਨ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਸ ਰਾਬਤਾ ਪ੍ਰੋਗਰਾਮ ਵਿੱਚ ਜ਼ਿਲੇ ਦਾ ਕੋਈ ਵੀ ਵਸਨੀਕ ਹਿੱਸਾ ਲੈ ਕੇ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਦਰਜ ਕਰਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਪੀ.ਜੀ.ਆਰ.ਐੱਸ. ਪੋਰਟਲ ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਰਾਹੀਂ ਕੋਈ ਵੀ ਨਾਗਰਿਕ ਇਸ ਪੋਰਟਲ ਉੱਪਰ ਜਾ ਕੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ।