ਵੱਧ ਰੇਟ ਵਸੂਲਣ ਵਾਲਿਆਂ ਵਿਰੁੱਧ ਪੀ.ਜੀ.ਆਰ.ਐਸ ਦੇ ਸ਼ਿਕਾਇਤ ਨੰਬਰ 62393-01830 ਉੱਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ
ਗੁਰਦਾਸਪੁਰ, 1 ਨਵੰਬਰ ( ਮੰਨਣ ਸੈਣੀ)। ਮਾਣਯੋਗ ਮੁੱਖ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤਹਿਤ ਰੇਤਾ ਦੇ ਗੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਨੂੰ ਜਿਲੇ ਅੰਦਰ ਇੰਨਬਿਨ ਲਾਗੂ ਕੀਤਾ ਜਾਵੇਗਾ।
ਇਸ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਰੇਤ ਦੀਆਂ ਕੀਮਤਾਂ 09 ਰੁਪਏ (09 ਰੁਪਏ ਪ੍ਰਤੀ ਫੁਟ, ਜਿਥੋ ਰੇਤ ਨਿਕਲਦੀ ਹੈ) ਤੈਅ ਕੀਤੀਆਂ ਗਈਆਂ ਹਨ ਪਰ ਵੇਖਣ ਵਿਚ ਆਇਆ ਹੈ ਕਿ ਰੇਤ ਨਿਰਧਾਰਤ ਕੀਤੇ ਰੇਟ ਨਾਲੋਂ ਵੱਧ ਰੇਟ ਉੱਤੇ ਵਿਕ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਂ ਠੇਕੇਦਾਰ ਨਿਰਧਾਰਤ ਮੁੱਲ ਤੋਂ ਵੱਧ ਰੇਟ ਉੱਤੇ ਰੇਤ ਵੇਚੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਐਫ.ਆਈ.ਆਰ ਦਰਜ ਹੋਵੇਗੀ। ਉਨਾਂ ਅੱਗੇ ਕਿਹਾ ਨਿਰਧਾਰਤ ਕੀਤੇ ਰੇਟ ਨਾਲੋਂ ਜੇਕਰ ਵੱਧ ਰੇਟ ਵਸੂਲਿਆ ਜਾਂਦਾ ਹੈ ਤਾਂ, ਪੀ.ਜੀ.ਆਰ.ਐਸ ਸ਼ਿਕਾਇਤ ਨੰਬਰ 62393-01830 ਨੰਬਰ ਜਾਂ ਪੀ.ਜੀ.ਆਰ.ਐਸ ਵੈੱਬ ਪੋਰਟਲ connect.punjab.gov.in ‘ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਰੇਤ ਦੀ ਆਵਾਜਾਈ ਵਿਚ ਸ਼ਾਮਲ ਲੋਕਾਂ ਨੂੰ ਵੱਧ ਵਸੂਲੀ ਨਹੀਂ ਕਰਨੀ ਚਾਹੀਦੀ ਅਤੇ ਇਸ ਸਬੰਧ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਸਪੱਸ਼ਟ ਸਬਦਾਂ ਵਿਚ ਕਿਹਾ ਕਿ ਨਿਰਧਾਰਤ ਕੀਤੀ ਗਈ ਕੀਮਤ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇਗੀ ਅਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਖਿਲਾਫ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।