ਸਾਰੀਆਂ ਸ਼ਿਕਾਇਤਾਂ ਪੰਜਾਬ ਸਰਕਾਰ ਦੇ ਪੀ.ਜੀ.ਆਰ.ਐੱਸ. ਪੋਰਟਲ ’ਤੇ ਨਾਲ ਦੀ ਨਾਲ ਅਪਲੋਡ ਕੀਤੀਆਂ
ਨਾਗਰਕਿ ਖੁਦ ਵੀ ਆਪਣੀ ਸ਼ਿਕਾਇਤ ਪੰਜਾਬ ਸਰਕਾਰ ਦੇ ਪੀ.ਜੀ.ਆਰ.ਐੱਸ. ਪੋਰਟਲ ’ਤੇ ਦਰਜ ਕਰ ਸਕਦੇ ਹਨ – ਡਿਪਟੀ ਕਮਿਸ਼ਨਰ
ਬਟਾਲਾ, 30 ਅਕਤੂਬਰ ( ਮੰਨਣ ਸੈਣੀ) । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਇੱਕ ਵਾਰ ਫਿਰ ਜ਼ਿਲ੍ਹਾ ਵਾਸੀਆਂ ਨਾਲ ਸਿੱਧਾ ਰਾਬਤਾ ਸਥਾਪਤ ਕਰਦੇ ਹੋਏ ਜ਼ੂਮ ਮੀਟਿੰਗ ਰਾਹੀਂ ਆਨ-ਲਾਈਨ ਸ਼ਿਕਾਇਤਾਂ ਸੁਣੀਆਂ ਗਈਆਂ। ਦੁਪਹਿਰ 12 ਵਜੇ ਸ਼ੁਰੂ ਹੋਈ ਇਸ ਵਰਚੂਅਲ ਮੀਟਿੰਗ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਵਸਨੀਕਾਂ ਨੇ ਹਿੱਸਾ ਲੈ ਕੇ ਆਪਣੇ ਇਲਾਕੇ ਨਾਲ ਸਬੰਧਤ ਸ਼ਿਕਾਇਤਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ। ਹਰ ਸ਼ਿਕਾਇਤ ਨੂੰ ਨਾਲ ਦੀ ਨਾਲ ਹੀ ਪੰਜਾਬ ਸਰਕਾਰ ਦੇ ਸ਼ਿਕਾਇਤਾਂ ਸਬੰਧੀ ਪੀ.ਜੀ.ਆਰ.ਐੱਸ. ਪੋਰਟਲ ਉੱਪਰ ਅਪਲੋਡ ਕੀਤਾ ਗਿਆ ਤਾਂ ਜੋ ਸ਼ਿਕਾਇਤ ਨੂੰ ਰਿਕਾਰਡ ਵਿੱਚ ਲਿਆਉਣ ਦੇ ਨਾਲ ਸਬੰਧਤ ਵਿਭਾਗ ਵੱਲੋਂ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਹਮੇਸ਼ਾਂ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸ਼ਨੀਵਾਰ ਦੁਪਹਿਰ 12 ਤੋਂ 1 ਵਜੇ ਤੱਕ ਅਤੇ ਮੰਗਲਵਾਰ ਨੂੰ ਸ਼ਾਮ 4 ਤੋਂ 5 ਵਜੇ ਤੱਕ ਜ਼ੂਮ ਮੀਟਿੰਗ ਰਾਹੀਂ ਆਨ-ਲਾਈਨ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਰਾਬਤਾ ਪ੍ਰੋਗਰਾਮ ਵਿੱਚ ਜ਼ਿਲ੍ਹੇ ਦਾ ਕੋਈ ਵੀ ਵਸਨੀਕ ਹਿੱਸਾ ਲੈ ਕੇ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਦਰਜ ਕਰਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸ਼ਿਕਾਇਤਾਂ ਦੀ ਪੈਰਵੀ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਕੀਤੀ ਜਾਂਦੀ ਹੈ ਅਤੇ ਸ਼ਿਕਾਇਤ ਉੱਪਰ ਹੋਈ ਕਾਰਵਾਈ ਬਾਰੇ ਸ਼ਿਕਾਇਤਕਰਤਾ ਨੂੰ ਵੀ ਜਾਣੂ ਕਰਵਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਪੀ.ਜੀ.ਆਰ.ਐੱਸ. ਪੋਰਟਲ https://connect.punjab.gov.in ਦੀ ਸਹੂਲਤ ਵੀ ਦਿੱਤੀ ਗਈ ਹੈ, ਜਿਸ ਰਾਹੀਂ ਕੋਈ ਵੀ ਨਾਗਰਿਕ ਇਸ ਪੋਰਟਲ ਉੱਪਰ ਜਾ ਕੇ ਆਪਣੀ ਸ਼ਿਕਾਇਤ ਦਰਜ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀ.ਜੀ.ਆਰ.ਐੱਸ. ਪੋਰਟਲ ਉੱਪਰ ਸਭ ਤੋਂ ਪਹਿਲਾਂ ਆਪਣੀ ਆਈ.ਡੀ. ਬਣਾ ਕੇ ਅਤੇ ਆਪਣਾ ਨਾਮ, ਪਤਾ, ਮੋਬਾਇਲ ਨੰਬਰ ਭਰ ਕੇ ਆਪਣੀ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। ਉਹ ਸ਼ਿਕਾਇਤ ਸਬੰਧਤ ਵਿਭਾਗ ਨੂੰ ਫਾਰਵਡ ਹੋ ਜਾਂਦੀ ਹੈ ਅਤੇ ਤਹਿ ਸਮੇਂ ਅੰਦਰ ਉਸ ਸ਼ਿਕਾਇਤ ਦਾ ਨਿਪਟਾਰਾ ਕਰਨਾ ਲਾਜ਼ਮੀ ਹੁੰਦਾ ਹੈ। ਇਸਦੇ ਨਾਲ ਹੀ ਮੋਬਾਇਲ ’ਤੇ ਮੈਸੇਜ ਰਾਹੀਂ ਸ਼ਿਕਾਇਤ ਦਾ ਸਟੇਟਸ ਸ਼ਿਕਾਇਤਕਰਤਾ ਨੂੰ ਨਾਲ ਦੀ ਨਾਲ ਅਪਡੇਟ ਹੁੰਦਾ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਪੀ.ਜੀ.ਆਰ.ਐੱਸ. ਪੋਰਟਲ https://connect.punjab.gov.in/ ’ਤੇ ਸ਼ਿਕਾਇਤ ਦਰਜ ਕਰਨ ਸਮੇਂ ਕੋਈ ਮੁਸ਼ਕਲ ਆਵੇ ਤਾਂ ਟੋਲ ਫਰੀ ਨੰਬਰ 1800-180-00172 ਜਾਂ 1100 ’ਤੇ ਰਾਬਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਫ਼ਤੇ ਵਿੱਚ ਦੋ ਦਿਨ ਮੰਗਲਵਾਰ ਤੇ ਸ਼ਨੀਵਾਰ ਨੂੰ ਆਨ-ਲਾਈਨ ਸ਼ਿਕਾਇਤਾਂ ਵੀ ਸੁਣੀਆਂ ਜਾਂਦੀਆਂ ਹਨ, ਉਸ ਜ਼ੂਮ ਮੀਟਿੰਗ ਵਿੱਚ ਭਾਗ ਲੈ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸ਼ਿਕਾਇਤਾਂ ਨੋਟ ਕਰਨ ਲਈ ਇੱਕ ਵਟਸਐਪ ਹੈਲਪ-ਲਾਈਨ ਨੰਬਰ 62393-01830 ਵੀ ਜਾਰੀ ਕੀਤਾ ਗਿਆ ਹੈ। ਲੋਕ ਇਸ ਨੰਬਰ ਉੱਪਰ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇ।