ਲੋਕਾਂ ਨੇ 20 ਤੋਂ ਜ਼ਿਆਦਾ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਪ੍ਰਾਪਤ ਕੀਤੀਆਂ
ਡਿਪਟੀ ਕਮਿਸ਼ਨਰ ਵਲੋਂ ‘ਸੁਵਿਧਾ ਕੈਂਪ’ ਦਾ ਜਾਇਜ਼ਾ-ਲੋਕਾਂ ਨਾਲ ਗੱਲਬਾਤ ਕਰਕੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਲਈ ਜਾਣਕਾਰੀ
ਗੁਰਦਾਸਪੁਰ ਤੋਂ ਇਲਾਵਾ ਦੀਨਾਨਗਰ, ਕਲਾਨੋਰ, ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਵੀ ਲੱਗੇ ‘ਸੁਵਿਧਾ ਕੈਂਪ’- ਕੱਲ੍ਹ 29 ਅਕਤਬੂਰ ਨੂੰ ਲੱਗਣਗੇ ‘ਸੁਵਿਧਾ ਕੈਂਪ’
ਗੁਰਦਾਸਪੁਰ, 28 ਅਕਤੂਬਰ ( ਮੰਨਣ ਸੈਣੀ)। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਰੋਜ਼ਮੱਰਾ ਦੀਆਂ ਸੇਵਾਵਾਂ ਉਨਾਂ ਦੀਆਂ ਬਰੂਹਾਂ ’ਤੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ‘ਸੁਵਿਧਾ ਕੈਂਪ’ ਦੀ ਲੜੀ ਦੇ ਪਹਿਲੇ ਦਿਨ ਲੋਕਾਂ ਨੇ ਸੇਵਾਵਾਂ ਦਾ ਲਾਭ ਲਿਆ। ਵੱਖ-ਵੱਖ ਵਿਭਾਗਾਂ ਵਲੋਂ ਸਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ 20 ਦੇ ਕਰੀਬ ਸਟਾਲ ਲਗਾਏ ਗਏ ਸਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਚ ਲੱਗੇ ‘ਸੁਵਿਧਾ ਕੈਂਪ’ ਦਾ ਉਦਘਾਟਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਕੀਤਾ ਗਿਆ। ਉਨਾਂ ਦੇ ਨਾਲ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਮੇਜਰ ਡਾ. ਸੁਮਿਤ ਮੁਧ ਐਸ.ਡੀ.ਐਮ ਗੁਰਦਾਸਪੁਰ ਵੀ ਮੋਜੂਦ ਸਨ। ਉਨਾਂ ਸਾਰੇ ਸਟਾਲਾਂ ’ਤੇ ਜਾ ਲੋਕਾਂ ਨਾਲ ਗੱਲਬਾਤ ਕੀਤੀ ਤੇ ਕਰਮਚਾਰੀਆਂ ਕੋਲੋ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਜਾ ਜਾਇਜ਼ਾ ਲਿਆ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਵਾਲੀਆਂ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਬਿਨੈਕਾਰ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਾਹਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਕੱਲ੍ਹ 29 ਅਕਤੂਬਰ ਨੂੰ ਵੀ ਲਗਾਏ ਜਾਣਗੇ, ਇਸ ਲਈ ਲੋਕਾਂ ਇਨਾਂ ਸੁਵਿਧਾ ਕੈਂਪ ਵਿਚ ਜਾ ਕੇ ਲਾਭ ਪ੍ਰਾਪਤ ਕਰਨ। ਉਨਾਂ ਅੱਗੇ ਦੱਸਿਆ ਕਿ ਸੁਵਿਧਾ ਕੈਂਪ ਵਿਚ ਲੋਕਾਂ ਨੂੰ 5-5 ਮਰਲੇ ਦਾ ਪਲਾਟ, 2 ਕਿਲੋਵਾਟ ਤਕ ਬਿਜਲੀ ਦੇ ਬਿੱਲ ਮਾਫ ਕਰਨ, ਬੁਢਾਪਾ ਤੇ ਵਿਧਵਾ ਆਦਿ ਪੈਨਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਕੋਵਿਡ ਵਿਰੋਧੀ ਵੈਕਸੀਨ, ਵਜੀਫਾ ਤੇ ਸ਼ਗਨ ਸਕੀਮ ਸਮੇਤ ਵੱਖ-ਵੱਖ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਯੋਜਨਾਵਾਂ ਦਾ ਲਾਭ ਮੁਹੱਈਆ ਕਰਵਾਇਆ ਗਿਆ।
ਦੱਸਣਯੋਗ ਹੈ ਕਿ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਸਾਪੁਰ ਤੋ ਇਲਾਵਾ ਐਸ.ਐਸ.ਐਮ ਕਾਲਜ ਦੀਨਾਨਗਰ, ਬੀ.ਡੀ.ਪੀ.ਓ ਦਫਤਰ ਕਲਾਨੋਰ ਤੇ ਡੇਰਾ ਬਾਬਾ ਨਾਨਕ ਅਤੇ ਸ਼ਿਵ ਆਡੋਟੋਰੀਅਮ ਬਟਾਲਾ ਵਿਖੇ ਵੀ ‘ਸੁਵਿਧਾ ਕੈਂਪ’ ਲਗਾਏ ਗਏ ਅਤੇ ਇਸੇ ਤਰ੍ਹਾਂ ਕੱਲ੍ਹ 29 ਅਕਤੂਬਰ ਨੂੰ ਵੀ ਇਨਾਂ ਪੰਜਾਂ ਥਾਵਾਂ ’ਤੇ ਸੁਵਿਧਾ ਕੈਂਪ’ਲੱਗਣਗੇ ।